ਪਤਨੀ ਨਾਲ ਸੁੱਤੇ ਪਤੀ ਦੀ ਗੋਲੀ ਮਾਰ ਕੇ ਹੱਤਿਆ
Friday, Oct 17, 2025 - 05:10 AM (IST)

ਗੋਰਖਪੁਰ - ਉੱਤਰ ਪ੍ਰਦੇਸ਼ ਦੇ ਗੋਰਖਪੁਰ ਜ਼ਿਲੇ ਦੇ ਸਗਾਓਂ ਥਾਣਾ ਖੇਤਰ ਦੇ ਗੋੜਸਰੀ ਪਿੰਡ ਵਿਚ ਵੀਰਵਾਰ ਸਵੇਰੇ ਅਣਪਛਾਤੇ ਬਦਮਾਸ਼ਾਂ ਨੇ ਆਪਣੇ ਘਰ ਦੇ ਬਾਹਰ ਸੁੱਤੇ ਇਕ ਜੂਸ ਵਿਕਰੇਤਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਅਨੁਸਾਰ ਮ੍ਰਿਤਕ ਮੁੰਨਾ ਸਾਹਨੀ (52) ਆਪਣੀ ਪਤਨੀ ਨਾਲ ਸੁੱਤਾ ਹੋਇਆ ਸੀ।
ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਪਤਨੀ ਦੀ ਜਾਗ ਖੁੱਲ੍ਹ ਗਈ ਪਰ ਪਹਿਲਾਂ ਤਾਂ ਉਸ ਨੂੰ ਪਤਾ ਨਹੀਂ ਲੱਗਾ ਕਿ ਕੀ ਹੋਇਆ ਹੈ। ਜਦੋਂ ਉਸਨੇ ਟਾਰਚ ਜਗਾ ਕੇ ਦੇਖਿਆ ਤਾਂ ਉਸਦਾ ਪਤੀ ਖੂਨ ਨਾਲ ਲੱਥਪਥ ਪਿਆ ਸੀ। ਇਹ ਦੇਖ ਕੇ ਉਸਨੇ ਰੌਲਾ ਪਾਇਆ ਤਾਂ ਪਿੰਡ ਦੇ ਲੋਕ ਭੱਜੇ ਆਏ ਅਤੇ ਮੁੰਨਾ ਨੂੰ ਤੁਰੰਤ ਸਿਹਤ ਕੇਂਦਰ ਕੌੜੀਰਾਮ ਲੈ ਗਏ, ਜਿਥੋਂ ਉਸ ਨੂੰ ਜ਼ਿਲਾ ਹਸਪਤਾਲ ਰੈਫਰ ਕਰ ਿਦੱਤਾ ਗਿਆ ਪਰ ਰਸਤੇ ਵਿਚ ਹੀ ਉਸਦੀ ਮੌਤ ਹੋ ਗਈ।
ਪਿੰਡ ਵਾਸੀਆਂ ਨੇ ਦੱਸਿਆ ਕਿ ਮੁੰਨਾ ਜੂਸ ਦਾ ਕੰਮ ਕਰਦਾ ਸੀ ਅਤੇ ਉਸਦੀ ਕਿਸੇ ਨਾਲ ਦੁਸ਼ਮਣੀ ਵੀ ਨਹੀਂ ਸੀ। ਪੁਲਸ ਘਟਨਾ ਸਥਾਨ ਤੋਂ ਸਬੂਤ ਇਕੱਠੇ ਕਰ ਕੇ ਜਾਂਚ ਕਰ ਰਹੀ ਹੈ ਅਤੇ ਹਮਲਾਵਰਾਂ ਦੀ ਭਾਲ ਲਈ ਇਕ ਟੀਮ ਦਾ ਗਠਨ ਕੀਤਾ ਗਿਆ ਹੈ।