38 ਸਾਲਾ ਪਤਨੀ ਨੇ 63 ਸਾਲਾ ਪਤੀ ਦੇ ਕੀਤੇ 8 ਟੁਕੜੇ

Wednesday, Mar 27, 2019 - 07:05 PM (IST)

38 ਸਾਲਾ ਪਤਨੀ ਨੇ 63 ਸਾਲਾ ਪਤੀ ਦੇ ਕੀਤੇ 8 ਟੁਕੜੇ

ਨਵੀਂ ਦਿੱਲੀ–ਇਕ 38 ਸਾਲ ਦੀ ਔਰਤ ਨੇ ਆਪਣੇ 63 ਸਾਲ ਦੇ ਪਤੀ ਨੂੰ ਇਸ ਤਰ੍ਹਾਂ ਕਤਲ ਕੀਤਾ ਕਿ ਮਾਮਲੇ ਸਾਹਮਣੇ ਆਇਆ ਕਿ ਜਿਸ ਨੂੰ ਦੇਖ ਕੇ ਪੁਲਸ ਦੇ ਵੀ ਹੋਸ਼ ਉੱਡ ਗਏ। ਪਤਨੀ ਨੇ ਪਹਿਲਾਂ ਸ਼ਰਾਬ 'ਚ ਨਸ਼ੀਲੀਆਂ ਗੋਲੀਆਂ ਪਾ ਕੇ ਪਤੀ ਨੂੰ ਸਦਾ ਦੀ ਨੀਂਦ ਸੁਆ ਦਿੱਤਾ ਅਤੇ ਫਿਰ ਉਸ ਦੀ ਲਾਸ਼ ਦੇ 8 ਟੁਕੜੇ ਕਰ ਦਿੱਤੇ। ਪਤਨੀ ਇਥੇ ਹੀ ਨਹੀਂ ਰੁਕੀ। ਉਸ ਨੇ ਪਤੀ ਦੇ ਵੱਢੇ ਹੋਏ ਸਿਰ ਨੂੰ ਘਰ ਦੇ ਨੇੜੇ ਹੀ ਵਗਦੇ ਇਕ ਨਾਲੇ 'ਚ ਸੁੱਟ ਦਿੱਤਾ ਅਤੇ ਲਾਸ਼ ਦੇ ਬਾਕੀ ਟੁਕੜੇ ਘਰ ਵਿਚ ਟੋਇਆ ਪੁੱਟ ਕੇ ਦੱਬ ਦਿੱਤੇ।

ਇਹ ਖੌਫਨਾਕ ਘਟਨਾ ਇਸ ਸਾਲ ਵੈਲੇਨਟਾਈਨ ਡੇਅ ਵਾਲੇ ਦਿਨ ਵਾਪਰੀ। 2006 ਵਿਚ ਉਸ ਸਮੇਂ ਦੇ 50 ਸਾਲ ਦੇ ਰਾਜੇਸ਼ ਨੇ ਆਪਣੀ ਉਮਰ ਤੋਂ ਅੱਧੀ ਭਾਵ 25 ਸਾਲ ਦੀ ਸੁਨੀਤਾ ਨਾਲ ਵਿਆਹ ਕੀਤਾ ਸੀ। ਵਿਆਹ ਤੋਂ 1 ਸਾਲ ਬਾਅਦ ਉਨ੍ਹਾਂ ਦੇ ਘਰ ਇਕ ਬੇਟੇ ਦਾ ਜਨਮ ਹੋਇਆ। ਇਥੋਂ ਤਕ ਸਭ ਕੁਝ ਠੀਕ ਸੀ ਪਰ ਅਸਲ ਪ੍ਰੇਸ਼ਾਨੀ ਉਦੋਂ ਸ਼ੁਰੂ ਹੋਈ ਜਦੋਂ ਪਤੀ-ਪਤਨੀ ਪਿਛਲੇ ਸਾਲ ਇਕ ਨਵੇਂ ਘਰ 'ਚ ਸ਼ਿਫਟ ਹੋ ਗਏ। ਉਥੇ ਸੁਨੀਤਾ ਦੀ ਦੋਸਤੀ ਗੁਆਂਢ ਦੇ ਇਕ ਨੌਜਵਾਨ ਨਾਲ ਹੋ ਗਈ। ਰਾਜੇਸ਼ ਨੇ ਆਪਣੀ ਪਤਨੀ ਨੂੰ ਇਕ ਦਿਨ ਉਕਤ ਨੌਜਵਾਨ ਨਾਲ ਇਤਰਾਜ਼ਯੋਗ ਹਾਲਤ 'ਚ ਵੇਖਿਆ।

ਸੁਨੀਤਾ ਦੀ ਮਾਂ ਕੁਝ ਸਮਾਂ ਪਹਿਲਾਂ ਉਨ੍ਹਾਂ ਦੇ ਘਰ ਆਈ। ਰਾਜੇਸ਼ ਆਪਣੀ ਸੱਸ ਨੂੰ ਪਸੰਦ ਨਹੀਂ ਕਰਦਾ ਸੀ। ਉਹ ਆਪਣੀ ਸੱਸ ਨੂੰ ਛੱਡਣ ਲਈ ਰੇਲਵੇ ਸਟੇਸ਼ਨ 'ਤੇ ਗਿਆ ਪਰ ਸੱਸ ਆਪਣੇ ਘਰ ਨਹੀਂ ਪੁੱਜੀ। ਸੁਨੀਤਾ ਨੂੰ ਸ਼ੱਕ ਹੋਇਆ ਕਿ ਰਾਜੇਸ਼ ਨੇ ਮੇਰੀ ਮਾਂ ਦੀ ਹੱਤਿਆ ਕਰ ਦਿੱਤੀ ਹੈ। ਉਹ ਆਪਣੇ ਪਤੀ ਤੋਂ ਛੁਟਕਾਰਾ ਹਾਸਲ ਕਰਨ ਲਈ ਉਪਾਅ ਲੱਭਣ ਲੱਗੀ। ਵੈਲੇਨਟਾਈਨ ਡੇਅ ਦੇ ਮੌਕੇ 'ਤੇ ਉਸ ਨੇ ਆਪਣੇ ਖਤਰਨਾਕ ਮਨਸੂਬਿਆਂ ਨੂੰ ਅੰਜਾਮ ਦਿੱਤਾ। ਪਤੀ ਨੂੰ ਕਤਲ ਕਰਨ ਅਤੇ ਲਾਸ਼ ਦੇ ਟੁਕੜਿਆਂ ਨੂੰ ਟਿਕਾਣੇ ਲਾਉਣ ਪਿੱਛੋਂ ਉਸ ਨੇ ਘਰ 'ਚ ਡੁੱਲ੍ਹੇ ਖੂਨ ਨੂੰ ਸਾਫ ਕੀਤਾ ਅਤੇ ਸਭ ਸਬੂਤ ਮਿਟਾ ਦਿੱਤੇ।

ਕਤਲ ਤੋਂ 2 ਦਿਨ ਬਾਅਦ ਖੁਦ ਹੀ ਆਪਣੇ ਪਤੀ ਦੀ ਗੁੰਮਸ਼ੁਦਗੀ ਬਾਰੇ ਰਿਪੋਰਟ ਲਿਖਵਾਉਣ ਲਈ ਸੁਨੀਤਾ ਪੁਲਸ ਸਟੇਸ਼ਨ ਗਈ। ਅਚਾਨਕ ਹੀ ਇਕ ਗਲਿਆ-ਸੜਿਆ ਸਿਰ ਨਾਲੇ 'ਚੋਂ ਮਿਲਣ 'ਤੇ ਪੁਲਸ ਅਲਰਟ ਹੋ ਗਈ। ਉਸ ਤੋਂ ਬਾਅਦ ਪੁਲਸ ਨੇ ਸਾਰੀਆਂ ਕੜੀਆਂ ਜੋੜੀਆਂ ਤਾਂ ਸੁਨੀਤਾ ਇਕ ਕਾਤਲ ਵਜੋਂ ਸਾਹਮਣੇ ਆਈ।


author

Iqbalkaur

Content Editor

Related News