ਪਤਨੀ ਦੇ ਚਰਿੱਤਰ ''ਤੇ ਸੀ ਸ਼ੱਕ, ਫਿਰ ਪਤੀ ਨੇ ਦਿੱਤਾ ਰੂਹ ਕੰਬਾਊ ਵਾਰਦਾਤ ਨੂੰ ਅੰਜਾਮ
Friday, Aug 30, 2024 - 03:45 PM (IST)

ਬੇਂਗਲੁਰੂ : ਬੈਂਗਲੁਰੂ ਦੇ ਕੇਂਗੇਰੀ ਵਿਚ ਇਕ 'ਕੈਬ' ਡਰਾਈਵਰ ਨੇ ਕਥਿਤ ਤੌਰ 'ਤੇ ਆਪਣੀ ਪਤਨੀ ਦੇ ਚਰਿੱਤਰ 'ਤੇ ਸ਼ੱਕ ਕਰਦੇ ਹੋਏ ਉਸ ਦੀ ਹੱਤਿਆ ਕਰ ਦਿੱਤੀ ਤੇ ਪੁਲਸ ਨੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਕੈਬ ਡਰਾਈਵਰ ਦੀ ਪਤਨੀ ਨੇ ਆਤਮ ਰੱਖਿਆ ਲਈ ਆਪਣੇ ਕੋਲ ਚਾਕੂ ਰੱਖਿਆ ਅਤੇ ਦੋਸ਼ੀ ਨੇ ਉਸੇ ਦੀ ਵਰਤੋਂ ਕਰਕੇ ਵਾਰਦਾਤ ਨੂੰ ਅੰਜਾਮ ਦਿੱਤਾ।
ਪੁਲਸ ਮੁਤਾਬਕ ਸ਼ਿਵਮੋਗਾ ਜ਼ਿਲ੍ਹੇ ਦੇ ਭਦਰਾਵਤੀ ਦੇ ਰਹਿਣ ਵਾਲੇ ਕਿਰਨ ਤੇ 'ਕੋਰੀਓਗ੍ਰਾਫਰ' ਨਵਿਆਸ਼੍ਰੀ (28) ਬਚਪਨ ਦੇ ਦੋਸਤ ਸਨ ਅਤੇ ਜਦੋਂ ਉਹ ਵੱਡੇ ਹੋਏ ਤਾਂ ਉਨ੍ਹਾਂ ਦਾ ਵਿਆਹ ਹੋ ਗਿਆ। ਪੁਲਸ ਨੇ ਦੱਸਿਆ ਕਿ ਹਾਲ ਹੀ 'ਚ ਕਿਰਨ ਨੂੰ ਆਪਣੀ ਪਤਨੀ ਦੇ ਚਰਿੱਤਰ 'ਤੇ ਸ਼ੱਕ ਹੋਣ ਲੱਗਾ। ਪੁਲਸ ਮੁਤਾਬਕ ਕਿਰਨ ਦਾ ਆਪਣੀ ਪਤਨੀ ਨਵਿਆਸ਼੍ਰੀ ਨਾਲ ਅਕਸਰ ਝਗੜਾ ਰਹਿੰਦਾ ਸੀ ਕਿਉਂਕਿ ਉਹ ਲਗਾਤਾਰ ਉਸਦੇ ਇੱਕ ਪੁਰਸ਼ ਦੋਸਤ ਨਾਲ ਫ਼ੋਨ 'ਤੇ ਗੱਲ ਕਰਦੀ ਸੀ। ਪੁਲਸ ਮੁਤਾਬਕ ਨਵਿਆਸ਼੍ਰੀ ਨੇ ਆਪਣੇ ਮਰਦ ਦੋਸਤ ਨੂੰ ਕਿਹਾ ਸੀ ਕਿ ਉਸ ਦਾ ਪਤੀ ਕੁਝ ਕਰਨ ਦੀ ਯੋਜਨਾ ਬਣਾ ਰਿਹਾ ਹੈ ਅਤੇ ਉਸ ਦੀ ਜਾਨ ਨੂੰ ਖਤਰਾ ਹੈ। ਪੁਲਸ ਮੁਤਾਬਕ ਨਵਿਆਸ਼੍ਰੀ ਦੇ ਦੋਸਤ ਨੇ ਉਸ ਨੂੰ ਮਾਮਲੇ ਬਾਰੇ ਪੁਲਿਸ ਨੂੰ ਸੂਚਿਤ ਕਰਨ ਅਤੇ ਚੌਕਸ ਰਹਿਣ ਦੀ ਸਲਾਹ ਦਿੱਤੀ ਸੀ। ਪੁਲਸ ਮੁਤਾਬਕ ਨਵਿਆਸ਼੍ਰੀ ਨੇ 28 ਅਗਸਤ ਨੂੰ ਕਾਰ 'ਚ ਜਾਂਦੇ ਸਮੇਂ ਆਪਣੇ ਦੋਸਤਾਂ ਐਸ਼ਵਰਿਆ ਅਤੇ ਸੁਨੀਲ ਨੂੰ ਆਪਣੀ ਤਕਲੀਫ ਦੱਸੀ, ਬਾਅਦ 'ਚ ਨਵਿਆਸ਼੍ਰੀ ਐਸ਼ਵਰਿਆ ਨਾਲ ਘਰ ਪਰਤੀ।
ਪੁਲਸ ਮੁਤਾਬਕ ਅਗਲੀ ਸਵੇਰ ਐਸ਼ਵਰਿਆ ਨੇ ਨਵਿਆਸ਼੍ਰੀ ਨੂੰ ਖੂਨ ਨਾਲ ਲੱਥਪੱਥ ਦੇਖਿਆ। ਪੁਲਸ ਮੁਤਾਬਕ ਇਹ ਸਭ ਦੇਖ ਕੇ ਉਹ ਡਰ ਗਈ ਤੇ ਪੁਲਸ ਨੂੰ ਸੂਚਨਾ ਦਿੱਤੀ। ਐਸ਼ਵਰਿਆ ਮੁਤਾਬਕ ਉਹ ਡੂੰਘੀ ਨੀਂਦ 'ਚ ਸੀ ਅਤੇ ਉਸ ਨੂੰ ਨਹੀਂ ਪਤਾ ਸੀ ਕਿ ਉਸ ਦੀ ਦੋਸਤ ਨਾਲ ਰਾਤ ਨੂੰ ਕੀ ਹੋਇਆ। ਪੁਲਸ ਨੇ ਦੱਸਿਆ ਕਿ ਕਿਰਨ 'ਡੁਪਲੀਕੇਟ' ਚਾਬੀ ਦੀ ਵਰਤੋਂ ਕਰਕੇ ਘਰ 'ਚ ਦਾਖਲ ਹੋਇਆ ਅਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਸ ਨੇ ਦੱਸਿਆ ਕਿ ਕਿਰਨ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।