‘ਮੁਸਕਾਨ ਕਾਂਡ’ ਵਰਗੀ ਦਰਿੰਦਗੀ: ਪਤੀ ਦਾ ਕਤਲ ਕਰ ਲਾਸ਼ ਦੇ ਕਟਰ ਨਾਲ ਕੀਤੇ ਟੁਕੜੇ
Tuesday, Dec 23, 2025 - 06:08 AM (IST)
ਸੰਭਲ - ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲੇ ਵਿਚ ਮੇਰਠ ਦੇ ‘ਮੁਸਕਾਨ ਕਾਂਡ’ ਵਰਗੀ ਬੇਰਹਿਮੀ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਪਤੀ ਦੀ ਹੱਤਿਆ ਕਰ ਕੇ ਲਾਸ਼ ਦੇ ਟੁਕੜੇ ਕਰ ਕੇ ਵੱਖ-ਵੱਖ ਥਾਵਾਂ ’ਤੇ ਸੁੱਟਣ ਦੇ ਦੋਸ਼ ਵਿਚ ਪੁਲਸ ਨੇ ਪਤਨੀ ਅਤੇ ਉਸਦੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਸੁਪਰਡੈਂਟ ਕੇ. ਕੇ. ਬਿਸ਼ਨੋਈ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਰੂਬੀ ਅਤੇ ਉਸਦੇ ਪ੍ਰੇਮੀ ਗੌਰਵ ਵਜੋਂ ਹੋਈ ਹੈ। ਮੁਲਜ਼ਮਾਂ ਨੇ ਲੋਹੇ ਦੀ ਰਾਡ ਅਤੇ ਮੂਸਲ ਨਾਲ ਹਮਲਾ ਕੀਤਾ ਜਿਸ ਕਾਰਨ ਰਾਹੁਲ ਦੀ ਮੌਤ ਹੋ ਗਈ ਅਤੇ ਬਾਅਦ ਵਿਚ ਕਟਰ ਨਾਲ ਲਾਸ਼ ਦੇ ਟੁਕੜੇ ਕਰ ਦਿੱਤੇ। ਉਨ੍ਹਾਂ ਦੱਸਿਆ ਕਿ ਰੂਬੀ ਨੇ 18 ਨਵੰਬਰ ਨੂੰ ਆਪਣੇ ਪਤੀ ਰਾਹੁਲ (38) ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ।
ਜਾਂਚ ਦੌਰਾਨ, ਪੁਲਸ ਨੂੰ ਈਦਗਾਹ ਇਲਾਕੇ ਦੇ ਨੇੜੇ ਇਕ ਨਾਲੇ ’ਚੋਂ ਇਕ ਵਿਗੜੀ ਹੋਈ ਲਾਸ਼ ਮਿਲੀ, ਜਿਸ ਦਾ ਸਿਰ, ਹੱਥ ਅਤੇ ਪੈਰ ਗਾਇਬ ਸਨ। ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ਅਤੇ ਫਾਰੈਂਸਿਕ ਜਾਂਚ ਲਈ ਡੀ. ਐੱਨ. ਏ. ਨਮੂਨੇ ਲਏ ਗਏ। ਪੁਲਸ ਦੇ ਅਨੁਸਾਰ, ਲਾਸ਼ ’ਤੇ ‘ਰਾਹੁਲ’ ਨਾਂ ਲਿਖਿਆ ਹੋਇਆ ਮਿਲਿਆ ਅਤੇ ਤਕਨੀਕੀ ਜਾਂਚ ਤੋਂ ਪਤਾ ਲੱਗਾ ਕਿ ਰਾਹੁਲ ਦਾ ਮੋਬਾਈਲ ਫੋਨ 18 ਨਵੰਬਰ ਤੋਂ ਬੰਦ ਸੀ।
