ਪਤੀ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਭਿੜੀਆਂ ਪਤਨੀਆਂ

Friday, Feb 16, 2018 - 10:35 AM (IST)

ਦੇਹਰਾਦੂਨ— ਇੱਥੋਂ ਦੇ ਪ੍ਰੇਮਨਗਰ 'ਚ ਪਤੀ ਦੀ ਮੌਤ ਤੋਂ ਬਾਅਦ ਮ੍ਰਿਤਕ ਦੀਆਂ 2 ਪਤਨੀਆਂ ਦਰਮਿਆਨ ਦਾਹ ਸੰਸਕਾਰ ਨੂੰ ਲੈ ਕੇ ਵਿਵਾਦ ਹੋ ਗਿਆ, ਲਾਸ਼ ਦੇ ਸਾਹਮਣੇ ਹੀ ਅੰਤਿਮ ਸੰਸਕਾਰ ਕਰਵਾਉਣ ਨੂੰ ਲੈ ਕੇ ਦੋਵੇਂ ਪਤਨੀਆਂ ਆਪਸ 'ਚ ਭਿੜ ਗਈਆਂ। ਅੰਤਿਮ ਸੰਸਕਾਰ 'ਚ ਮਦਦ ਨੂੰ ਪੁੱਜੇ ਲੋਕ ਹੈਰਾਨ ਹੋ ਗਏ। ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ ਤਾਂ ਪੁਲਸ ਨੇ ਸਥਿਤੀ ਨੂੰ ਸੰਭਾਲਿਆ। ਐੱਸ.ਓ. ਪ੍ਰੇਮਨਗਰ ਮੁਕੇਸ਼ ਤਿਆਗੀ ਅਨੁਸਾਰ ਆਈ.ਐੱਮ.ਏ. 'ਚ ਚੌਥੀ ਸ਼੍ਰੇਣੀ ਅਹੁਦੇ 'ਤੇ ਤਾਇਨਾਤ ਸ਼ੰਕਰ ਲਾਲ (60) ਬੀਤੇ ਕਈ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ। ਵੀਰਵਾਰ ਨੂੰ ਇਲਾਜ ਦੌਰਾਨ ਦੂਨ ਹਸਪਤਾਲ 'ਚ ਉਨ੍ਹਾਂ ਦੀ ਮੌਤ ਹੋ ਗਈ।
ਹਸਪਤਾਲ ਤੋਂ ਪਰਿਵਾਰ ਵਾਲੇ ਲਾਸ਼ ਨੂੰ ਅੰਤਿਮ ਸੰਸਕਾਰ ਲਈ ਪ੍ਰੇਮਨਗਰ ਸਥਿਤ ਵਿੰਗ ਨੰਬਰ ਇਕ 'ਚ ਲਿਆਏ। ਜਿੱਥੇ ਮ੍ਰਿਤਕ ਆਪਣੀ ਦੂਜੀ ਪਤਨੀ ਕਿਰਨ ਨਾਲ ਰਹਿੰਦੇ ਸਨ। ਇੱਥੇ ਪਤੀ ਦੀ ਮੌਤ ਦੀ ਸੂਚਨਾ ਤੋਂ ਬਾਅਦ ਆਈ.ਐੱਮ.ਏ. ਕੈਂਪਸ 'ਚ ਰਹਿਣ ਵਾਲੀ ਮ੍ਰਿਤਕ ਦੀ ਪਹਿਲੀ ਪਤਨੀ ਲਕਸ਼ਮੀ ਵੀ ਆਪਣੇ ਬੇਟੇ ਨਾਲ ਪਹੁੰਚ ਗਈ। ਲਾਸ਼ ਨੂੰ ਅੰਤਿਮ ਸੰਸਕਾਰ ਲਈ ਲਿਜਾਉਣ ਦੀ ਤਿਆਰੀ ਹੋਈ ਤਾਂ ਲਕਸ਼ਮੀ ਅਤੇ ਕਿਰਨ ਆਪਣੀ-ਆਪਣੀ ਮਰਜ਼ੀ ਦੇ ਸਥਾਨ 'ਤੇ ਲਾਸ਼ ਨੂੰ ਅੰਤਿਮ ਸੰਸਕਾਰ ਲਈ ਲਿਜਾਉਣ ਦੀ ਗੱਲ 'ਤੇ ਭਿੜ ਗਈਆਂ। ਇਹ ਦੇਖ ਉੱਥੇ ਮੌਜੂਦ ਲੋਕਾਂ ਨੇ ਦੋਹਾਂ ਨੂੰ ਸੰਭਾਲਿਆ ਅਤੇ ਮੌਕੇ 'ਤੇ ਪ੍ਰੇਮਨਗਰ ਪੁਲਸ ਨੂੰ ਬੁਲਾਇਆ। ਪੁਲਸ ਮੌਕੇ 'ਤੇ ਪੁੱਜੀ ਤਾਂ ਦੋਵੇਂ ਪਤਨੀਆਂ ਫਿਰ ਅੰਤਿਮ ਸੰਸਕਾਰ ਦੇ ਸਥਾਨ ਨੂੰ ਲੈ ਕੇ ਵਿਵਾਦ 'ਤੇ ਉਤਾਰੂ ਹੋ ਗਈਆਂ। ਪੁਲਸ ਅਤੇ ਸਥਾਨਕ ਲੋਕਾਂ ਨੇ ਦੋਹਾਂ ਪਤਨੀਆਂ ਨੂੰ ਸਮਝਾਇਆ। ਇਸ ਤੋਂ ਬਾਅਦ ਦੋਹਾਂ ਪਤਨੀਆਂ ਦੇ ਝਗੜੇ ਦੇ ਸਥਾਨ ਦੀ ਬਜਾਏ ਤੀਜੇ ਸਥਾਨ 'ਤੇ ਲਾਸ਼ ਨੂੰ ਅੰਤਿਮ ਸੰਸਕਾਰ ਲਈ ਲਿਜਾਇਆ ਗਿਆ। ਜਿੱਥੇ ਦੋਹਾਂ ਪਤਨੀਆਂ ਦੀ ਸਹਿਮਤੀ ਨਾਲ ਸ਼ੰਕਰ ਲਾਲ ਦੀ ਲਾਸ਼ ਦਾ ਅੰਤਿਮ ਸੰਸਕਾਰ ਕੀਤਾ ਗਿਆ।


Related News