ਬੰਗਲਾਦੇਸ਼ ''ਚ ਹਿੰਦੂਆਂ ''ਤੇ ਹੋਏ ਹਮਲੇ ਦੇ ਵਿਰੋਧ ''ਚ ਸੈਂਕੜੇ ਲੋਕਾਂ ਨੇ ਕੱਢੀ ਰੈਲੀ

Monday, Dec 16, 2024 - 05:34 PM (IST)

ਬੰਗਲਾਦੇਸ਼ ''ਚ ਹਿੰਦੂਆਂ ''ਤੇ ਹੋਏ ਹਮਲੇ ਦੇ ਵਿਰੋਧ ''ਚ ਸੈਂਕੜੇ ਲੋਕਾਂ ਨੇ ਕੱਢੀ ਰੈਲੀ

ਕੋਲਕਾਤਾ (ਭਾਸ਼ਾ) : ਬੰਗਲਾਦੇਸ਼ ਵਿਚ ਘੱਟ ਗਿਣਤੀਆਂ 'ਤੇ ਹੋ ਰਹੇ ਹਮਲਿਆਂ ਅਤੇ ਹਿੰਦੂ ਸੰਤ ਚਿਨਮਏ ਕ੍ਰਿਸ਼ਣ ਦਾਸ ਦੀ ਰਿਹਾਈ ਨਾ ਕੀਤੇ ਜਾਣ ਦੇ ਵਿਰੋਧ ਵਿਚ ਪੱਛਮੀ ਬੰਗਾਲ ਦੇ ਕੋਲਕਾਤਾ ਵਿਚ 'ਬੰਗਾਲੀ ਹਿੰਦੂ ਸੁਰੱਖਿਆ ਸਮਿਤੀ' ਦੇ ਬੈਨਰ ਹੇਠ ਸੈਂਕੜੇ ਲੋਕਾਂ ਨੇ ਸੋਮਵਾਰ ਨੂੰ ਰੈਲੀ ਕੱਢੀ। ਇਹ ਰੈਲੀ ਕੋਲਕਾਤਾ ਦੇ ਸਿਆਲਦਾਹ ਸਟੇਸ਼ਨ ਤੋਂ ਸ਼ੁਰੂ ਹੋ ਕੇ ਦੋ ਕਿਲੋਮੀਟਰ ਦੀ ਦੂਰੀ ਤੋਂ ਬਾਅਦ ਰਾਣੀ ਰਸ਼ਮੋਨੀ ਰੋਡ 'ਤੇ ਸਮਾਪਤ ਹੋਈ।

ਇਸ ਦੌਰਾਨ ਰੈਲੀ ਵਿੱਚ ਸ਼ਾਮਲ ਲੋਕਾਂ ਨੇ ਦਾਸ ਦੀ ਰਿਹਾਈ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਕੀਤੀ ਅਤੇ ਮੰਗ ਕੀਤੀ ਕਿ ਮੁਹੰਮਦ ਯੂਨਸ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ਹਿੰਦੂਆਂ ਤੇ ਹੋਰ ਘੱਟ ਗਿਣਤੀਆਂ ’ਤੇ ਹੋ ਰਹੇ ਅੱਤਿਆਚਾਰ ਬੰਦ ਕਰੇ। ਹਿੰਦੂ ਸੰਤ ਚਿਨਮਏ ਕ੍ਰਿਸ਼ਨ ਦਾਸ ਪਹਿਲਾਂ ਬੰਗਲਾਦੇਸ਼ ਸਥਿਤ ਇਸਕਾਨ ਨਾਲ ਜੁੜੇ ਹੋਏ ਸਨ। ਪ੍ਰਦਰਸ਼ਨਕਾਰੀਆਂ ਨੇ ਭਗਵੇਂ ਝੰਡੇ ਅਤੇ ਤਖ਼ਤੀਆਂ ਫੜੀਆਂ ਹੋਈਆਂ ਸਨ, ਜੋ ਬੰਗਲਾਦੇਸ਼ ਵਿੱਚ ਹਿੰਦੂਆਂ 'ਤੇ ਹੋ ਰਹੇ ਹਮਲਿਆਂ ਅਤੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਉਣ ਦੇ ਵਿਰੋਧ ਵਿੱਚ ਰੋਸ ਪ੍ਰਗਟ ਕਰ ਰਹੇ ਸਨ। ਉਨ੍ਹਾਂ ਨੇ ਅੰਤਰਿਮ ਸਰਕਾਰ ਤੋਂ ਮੰਗ ਕੀਤੀ ਕਿ ਹਿੰਦੂਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਅਤੇ ਇਨ੍ਹਾਂ ਹਮਲਿਆਂ ਦੇ ਦੋਸ਼ੀਆਂ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ। ਰੈਲੀ 'ਚ ਸ਼ਾਮਲ ਲੋਕਾਂ ਨੇ ਦੋਸ਼ ਲਾਇਆ ਕਿ ਦਾਸ ਦੀ ਗ੍ਰਿਫਤਾਰੀ ਗੈਰ-ਵਾਜਬ ਸੀ ਅਤੇ ਦੇਸ਼ ਵਿੱਚ ਸ਼ੇਖ ਹਸੀਨਾ ਸਰਕਾਰ ਦੇ ਪਤਨ ਤੋਂ ਬਾਅਦ ਹਿੰਦੂਆਂ ਅਤੇ ਹੋਰ ਘੱਟ ਗਿਣਤੀਆਂ ਅਤੇ ਧਾਰਮਿਕ ਸਥਾਨਾਂ ਉੱਤੇ ਹੋ ਰਹੇ ਹਮਲਿਆਂ ਵਿਰੁੱਧ ਆਵਾਜ਼ ਉਠਾਉਣ ਲਈ ਦਾਸ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਉਨ੍ਹਾਂ ਮੰਗ ਕੀਤੀ ਕਿ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਇਹ ਯਕੀਨੀ ਬਣਾਏ ਕਿ ਘੱਟ ਗਿਣਤੀਆਂ ਸ਼ਾਂਤੀ ਅਤੇ ਸਦਭਾਵਨਾ ਦੇ ਮਾਹੌਲ ਵਿੱਚ ਰਹਿ ਸਕਣ।


author

Baljit Singh

Content Editor

Related News