ਲਖਨਊ ’ਚ 243 ਮੱਝਾਂ ਦੀ ਨਿਲਾਮੀ ਦੌਰਾਨ ਭਾਰੀ ਹੰਗਾਮਾ, ਚੱਲੇ ਘਸੁੰਨ
Tuesday, Aug 25, 2026 - 04:29 AM (IST)
ਲਖਨਊ - ਨਗਰ ਨਿਗਮ ਵੱਲੋਂ ਗੈਰ-ਕਾਨੂੰਨੀ ਡੇਅਰੀਆਂ ਤੋਂ ਜ਼ਬਤ ਕੀਤੀਆਂ ਗਈਆਂ 243 ਮੱਝਾਂ ਦੀ ਨਿਲਾਮੀ ਦੌਰਾਨ ਸੋਮਵਾਰ ਭਾਰੀ ਹੰਗਾਮਾ ਹੋਇਆ। ਸਪਾ ਯੂਥ ਬ੍ਰਿਗੇਡ ਤੇ ਆਜ਼ਾਦ ਸਮਾਜ ਪਾਰਟੀ ਦੇ ਵਰਕਰਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਨਿਲਾਮੀ ’ਚ ਲਖਨਊ ਤੋਂ ਬਾਹਰ ਦੇ ਲੋਕ ਸ਼ਾਮਲ ਸਨ। ਇਸ ਦੌਰਾਨ ਸੀਤਾਪੁਰ ਦੇ ਇਕ ਨੌਜਵਾਨ ਨੂੰ ਘਸੁੰਨ ਮਾਰੇ ਗਏ।
ਪੁਲਸ ਮੌਕੇ ’ਤੇ ਪਹੁੰਚੀ ਤੇ ਸਥਿਤੀ ਨੂੰ ਕਾਬੂ ਹੇਠ ਲਿਆਂਦਾ। ਹੰਗਾਮੇ ਤੋਂ ਬਾਅਦ ਸਪਾ ਦੇ ਵਿਧਾਇਕ ਅਰਮਾਨ ਖਾਨ ਧਰਨਾ ਦੇਣ ਤੇ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਨਾਲ ਸ਼ਾਮਲ ਹੋ ਗਏ। ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਦੇੜ ਦਿੱਤਾ ਅਤੇ ਉਨ੍ਹਾਂ ਨੂੰ ਬੱਸ ਰਾਹੀਂ ਈਕੋ ਗਾਰਡਨ ਭੇਜ ਦਿੱਤਾ।
ਵਿਧਾਇਕ ਨੇ ਸ਼ਹਿਰ ਦੇ ਐਡੀਸ਼ਨਲ ਕਮਿਸ਼ਨਰ ਡਾ. ਅਰਵਿੰਦ ਕੁਮਾਰ ਰਾਓ ਨੂੰ ਇਕ ਚਿੱਠੀ ਭੇਜੀ ਜਿਸ ’ਚ ਨਿਲਾਮੀ ਰੋਕਣ ਦੀ ਮੰਗ ਕੀਤੀ ਗਈ ਪਰ ਇਸ ਦੌਰਾਨ ਲਖਨਊ ਦੇ ਕਾਰੋਬਾਰੀ ਮੁਹੰਮਦ ਸ਼ਾਕਿਰ ਨੇ ਠਾਕੁਰ ਗੰਜ ਕਾਂਜੀ ਹਾਊਸ ਵਿਖੇ 40 ਮੱਝਾਂ 12 ਲੱਖ ਰੁਪਏ ਦੀ ਸਭ ਤੋਂ ਵੱਧ ਬੋਲੀ ਲਾ ਕੇ ਖਰੀਦੀਆਂ। ਇਕ ਮੱਝ ਦੀ ਮੁੱਢਲੀ ਕੀਮਤ 21,000 ਰੁਪਏ ਰੱਖੀ ਗਈ ਸੀ।
ਨਗਰ ਨਿਗਮ ਨੇ 16 ਤੋਂ 18 ਅਗਸਤ ਦਰਮਿਆਨ ਗੈਰ-ਕਾਨੂੰਨੀ ਡੇਅਰੀਆਂ ਵਿਰੁੱਧ ਇਕ ਮੁਹਿੰਮ ਚਲਾਈ ਸੀ ਤੇ 241 ਮੱਝਾਂ, ਇਕ ਬਲਦ ਤੇ ਇਕ ਵੱਛੇ ਨੂੰ ਜ਼ਬਤ ਕੀਤਾ ਸੀ। ਇਨ੍ਹਾਂ ਨੂੰ ਪਸ਼ੂਆਂ ਦੇ ਵਾੜੇ ’ਚ ਰੱਖਿਆ ਗਿਆ ਸੀ। ਸੋਮਵਾਰ ਇਨ੍ਹਾਂ ਦੀ ਨਿਲਾਮੀ ਹੋ ਰਹੀ ਸੀ ਪਰ ਇਸ ਦੌਰਾਨ ਹੰਗਾਮਾ ਹੋ ਗਿਆ।
