ਪਾਕਿ ਨਸ਼ਾ ਸਮੱਗਲਰਾਂ ਦੇ ਮਨਸੂਬਿਆਂ ਨੂੰ ਸੁਰੱਖਿਆ ਬਲਾਂ ਨੇ ਕੀਤਾ ਨਾਕਾਮ

Sunday, Feb 27, 2022 - 10:56 AM (IST)

ਪੁੰਛ– ਪਾਕਿਸਤਾਨ ਜੰਮੂ-ਕਸ਼ਮੀਰ ਵਿਚ ਅੱਤਵਾਦੀ ਘੁਸਪੈਠ ਨਾਲ ਵੱਡੀ ਗਿਣਤੀ ਵਿਚ ਨਸ਼ੀਲੇ ਪਦਾਰਥਾਂ ਨੂੰ ਵੀ ਡਰੋਨ ਅਤੇ ਹੋਰ ਰਸਤਿਆਂ ਤੋਂ ਭੇਜ ਰਿਹਾ ਹੈ ਤਾਂ ਜੋ ਭਾਰਤੀ ਨੌਜਵਾਨਾਂ ਨੂੰ ਨਸ਼ੇ ਦੀ ਦਲ-ਦਲ ਵਿਚ ਧੱਕਿਆ ਜਾ ਸਕੇ ਪਰ ਬਾਰਡਰ ਅਤੇ ਕੰਟਰੋਲ ਲਾਈਨ ’ਤੇ ਚੌਕਸ ਸੁਰੱਖਿਆ ਜਵਾਨ ਪਾਕਿ ਦੇ ਮਨਸੂਬਿਆਂ ਨੂੰ ਨਾਕਾਮ ਕਰ ਰਹੇ ਹਨ। ਉਥੇ ਸ਼ਨੀਵਾਰ ਨੂੰ ਵੀ ਕੰਟਰੋਲ ਲਾਈਨ ਨਾਲ ਲਗਦੇ ਪੁੰਛ ਜ਼ਿਲੇ ਵਿਚ ਪਾਕਿ ਦੇ ਮਨਸੂਬਿਆਂ ਨੂੰ ਢਹਿ-ਢੇਰੀ ਕਰਦੇ ਹੋਏ ਭਾਰਤੀ ਫੌਜ ਅਤੇ ਪੁਲਸ ਨੇ ਸੰਯੁਕਤ ਮੁਹਿੰਮ ਦੌਰਾਨ 15 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਜਿਸਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ 75 ਕਰੋੜ ਦੱਸੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ ਪੁੰਛ ਜ਼ਿਲੇ ਵਿਚ ਭਾਰਤ-ਪਾਕਿ ਕੰਟਰੋਲ ਲਾਈਨ ’ਤੇ ਬਾਲਾਕੋਟ ਵਿਚ ਸੀਨੀਅਰ ਪੁਲਸ ਕਪਤਾਲ ਪੁੰਛ ਰੋਹਿਤ ਬਸਕੋਤਰਾ ਦੇ ਦਿਸ਼ਾ-ਨਿਰਦੇਸ਼ ’ਤੇ ਐੱਸ. ਡੀ. ਪੀ. ਓ. ਮੇਂਢਰ ਸ਼ਿਜਆਨ ਭੱਟ ਦੀ ਪ੍ਰਧਾਨਗੀ ਵਿਚ ਸੁਰੱਖਿਆ ਬਲਾਂ ਨੇ ਪੁਖਤਾ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਛਾਪੇਮਾਰੀ ਕੀਤੀ। ਇਸ ਦੌਰਾਨ ਸੁਰੱਖਿਆ ਬਲਾਂ ਨੇ ਬੈਗ ਵਿਚ ਲੁਕੋ ਕੇ ਰੱਖੀ 15 ਪੈਕੇਟ ਹੈਰੋਇਨ ਬਰਾਮਦ ਕੀਤਾ। ਉਥੇ ਪੁਲਸ ਨੇ ਮਾਮਲਾ ਦਰਜ ਕਰ ਕੇ ਸਥਾਨਕ ਸਮੱਗਲਰਾਂ ਦੀ ਫੜੋ-ਫੜੀ ਲਈ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Rakesh

Content Editor

Related News