ਆਬਕਾਰੀ ਵਿਭਾਗ ਦਾ ਅਜੀਬੋ-ਗਰੀਬ ਕਾਰਨਾਮਾ ! PM ਆਵਾਸ ਯੋਜਨਾ ਤਹਿਤ ਬਣੇ ਮਕਾਨ ਨੂੰ ਸ਼ਰਾਬ ਦੀ ਦੁਕਾਨ ’ਚ ਬਦਲਿਆ
Tuesday, Oct 28, 2025 - 10:36 AM (IST)
ਨੈਸ਼ਨਲ ਡੈਸਕ : ਮੱਧ ਪ੍ਰਦੇਸ਼ ਦੇ ਉਮਰੀਆ ਜ਼ਿਲੇ ਵਿਚ ਆਬਕਾਰੀ ਵਿਭਾਗ ਅਤੇ ਸ਼ਰਾਬ ਠੇਕੇਦਾਰ ਵਿਚਕਾਰ ਮਿਲੀਭੁਗਤ ਦਾ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਬਣੇ ਇਕ ਮਕਾਨ ਨੂੰ ਹੀ ਸ਼ਰਾਬ ਦੀ ਦੁਕਾਨ ਵਿਚ ਬਦਲ ਦਿੱਤਾ ਗਿਆ। ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿਚ ਆ ਗਿਆ ਹੈ ਅਤੇ ਹੁਣ ਜਾਂਚ ਤੋਂ ਬਾਅਦ ਸਖ਼ਤ ਕਾਰਵਾਈ ਦੀ ਗੱਲ ਕੀਤੀ ਜਾ ਰਹੀ ਹੈ।
ਮਾਮਲਾ ਉਮਰੀਆ ਜ਼ਿਲੇ ਦੇ ਅਮਰਪੁਰ ਪਿੰਡ ਨਾਲ ਸਬੰਧਤ ਹੈ, ਜਿੱਥੇ ਆਬਕਾਰੀ ਵਿਭਾਗ ਦੀ ਸਿਫ਼ਾਰਸ਼ ਅਤੇ ਪ੍ਰਸ਼ਾਸਕੀ ਪ੍ਰਵਾਨਗੀ ਦੇ ਆਧਾਰ ’ਤੇ ਪ੍ਰਧਾਨ ਮੰਤਰੀ ਆਵਾਸ ਵਿਚ ਹੀ ਇਕ ਸ਼ਰਾਬ ਦੀ ਦੁਕਾਨ ਚਲਾਈ ਜਾ ਰਹੀ ਸੀ। ਪਿੰਡ ਦੇ ਸਰਪੰਚ ਤੀਰਥ ਪ੍ਰਸਾਦ ਕੋਲ ਨੇ ਦੱਸਿਆ ਕਿ ਇਹ ਮਕਾਨ ਸੰਜੂ ਕੋਲ ਨਾਮੀ ਲਾਭਪਾਤਰੀ ਨੂੰ ਅਲਾਟ ਕੀਤਾ ਗਿਆ ਸੀ ਪਰ ਇਸ ਵਿਚ ਸ਼ਰਾਬ ਦੀ ਦੁਕਾਨ ਖੋਲ੍ਹ ਕੇ ਯੋਜਨਾ ਦੀ ਮੂਲ ਭਾਵਨਾ ਅਤੇ ਨਿਯਮਾਂ ਦੀ ਖੁੱਲ੍ਹ ਕੇ ਉਲੰਘਣਾ ਕੀਤੀ ਗਈ ਹੈ।
