ਹਸਪਤਾਲ ''ਚ ਵੱਡੀ ਲਾਪਰਵਾਹੀ; ਗਲਤ ਟੀਕਾ ਲੱਗਣ ਨਾਲ 5 ਮਰੀਜ਼ਾਂ ਦੀ ਮੌਤ
Wednesday, Jun 04, 2025 - 05:22 PM (IST)

ਕੋਰਾਪੁਟ- ਓਡੀਸ਼ਾ ਦੇ ਕੋਰਾਪੁਟ ਸਥਿਤ ਸ਼ਹੀਦ ਲਕਸ਼ਮਣ ਨਾਇਕ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਵੱਡੀ ਲਾਪਰਵਾਹੀ ਮਾਮਲਾ ਸਾਹਮਣੇ ਆਇਆ ਹੈ। ਪੰਜ ਮਰੀਜ਼ਾਂ ਦੀ ਮੌਤ ਤੋਂ ਬਾਅਦ ਮਾਮਲੇ ਦੀ ਜਾਂਚ ਲਈ 2 ਵੱਖ-ਵੱਖ ਆਦੇਸ਼ ਦਿੱਤੇ ਗਏ ਹਨ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਗਲਵਾਰ ਰਾਤ ਨੂੰ ਹਸਪਤਾਲ 'ਚ ਦਾਖਲ 2 ਪੁਰਸ਼ਾਂ ਅਤੇ ਤਿੰਨ ਔਰਤਾਂ ਦੀ ਕੁਝ ਘੰਟਿਆਂ ਦੇ ਅੰਤਰਾਲ 'ਚ ਮੌਤ ਹੋ ਗਈ। ਮ੍ਰਿਤਕ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਕੋਈ ਟੀਕਾ ਲਗਾਇਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਸ਼ੁਕਰਾ ਮਾਝੀ, ਰੁਕੁਨੀ ਪੇਂਤੀਆ, ਫੂਲਮਤੀ ਮਾਝੀ, ਭਗਵਾਨ ਪਰਿਜਾ ਅਤੇ ਬਤੀ ਖਾਰਾ ਵਜੋਂ ਹੋਈ ਹੈ। ਹਸਪਤਾਲ ਦੇ ਸੁਪਰਡੈਂਟ ਸੁਸ਼ਾਂਤ ਕੁਮਾਰ ਸਾਹੂ ਨੇ ਕਿਹਾ ਕਿ ਮਾਮਲੇ ਦੀ ਵਿਭਾਗੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ,"ਅਸੀਂ ਸਾਰੇ ਵਿਭਾਗ ਮੁਖੀਆਂ ਦੀ ਮੀਟਿੰਗ ਬੁਲਾਈ ਹੈ। ਮੰਗਲਵਾਰ ਰਾਤ ਨੂੰ ਮਰਨ ਵਾਲੇ ਮਰੀਜ਼ਾਂ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਪਹਿਲੀ ਨਜ਼ਰੇ ਇਹ ਨਹੀਂ ਲੱਗਦਾ ਕਿ ਮੌਤ ਕਿਸੇ ਗਲਤ ਟੀਕੇ ਕਾਰਨ ਹੋਈ ਹੈ। ਹਾਲਾਂਕਿ, ਅਸੀਂ ਦੋਸ਼ਾਂ ਦੀ ਜਾਂਚ ਕਰਾਂਗੇ।"
ਇਹ ਵੀ ਪੜ੍ਹੋ : ਭਾਜਪਾ ਆਗੂ ਦਾ ਗੋਲੀ ਮਾਰ ਕੇ ਕਤਲ
ਸਾਹੂ ਨੇ ਕਿਹਾ ਕਿ ਇੰਟੈਂਸਿਵ ਕੇਅਰ ਯੂਨਿਟ (ਆਈਸੀਯੂ) 'ਚ ਦਾਖ਼ਲ ਮਰੀਜ਼ਾਂ ਦੀ ਹਾਲਤ ਗੰਭੀਰ ਸੀ ਅਤੇ ਉਨ੍ਹਾ ਨੂੰ ਡਿੱਗਦੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਟੀਕਾ ਲਗਾਇਆ ਗਿਆ ਸੀ। ਉਨ੍ਹਾਂ ਕਿਹਾ ਕਿ 5 ਮ੍ਰਿਤਕ ਮਰੀਜ਼ਾਂ 'ਚੋਂ 2 ਦੇ ਪੇਟ 'ਚ ਸੱਟ ਸੀ, ਜਦੋਂ ਕਿ ਇਕ ਹੋਰ ਦੇ ਲੀਵਰ 'ਚ ਛੇਕ ਸੀ। ਉਨ੍ਹਾਂ ਕਿਹਾ,''ਸਾਨੂੰ ਸ਼ੱਕ ਹੈ ਕਿ ਉਨ੍ਹਾਂ ਦੀ ਮੌਤ ਖੂਨ ਵਗਣ ਅਤੇ ਸੈਪਟੀਸੀਮੀਆ ਕਾਰਨ ਹੋਈ ਹੈ। ਚੌਥੇ ਮਰੀਜ਼ ਦਾ ਚੌਥੀ ਸਟੇਜ ਦੇ ਕੈਂਸਰ ਦਾ ਇਲਾਜ ਕੀਤਾ ਜਾ ਰਿਹਾ ਸੀ ਅਤੇ 5ਵਾਂ ਮਰੀਜ਼ ਹਾਦਸੇ ਦਾ ਸ਼ਿਕਾਰ ਹੋਇਆ ਸੀ, ਜਿਸ ਨੂੰ ਜੈਪੁਰ ਤੋਂ ਰੈਫਰ ਕੀਤਾ ਗਿਆ ਸੀ।'' ਮੈਡੀਕਲ ਸਿੱਖਿਆ ਅਤੇ ਸਿਖਲਾਈ ਡਾਇਰੈਕਟਰ (ਡੀਐੱਮਈਡੀ) ਸੰਤੋਸ਼ ਮਿਸ਼ਰਾ ਨੇ ਵੀ ਦੋਸ਼ਾਂ ਦੀ ਜਾਂਚ ਦੇ ਵੱਖ ਤੋਂ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਬ੍ਰਹਮਾਪੁਰ ਦੇ ਐੱਮਕੇਸੀਜੀ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਤਿੰਨ ਅਤੇ ਕਟਕ ਦੇ ਐੱਸਸੀਬੀ ਮੈਡੀਕਲ ਕਾਲਜ ਹਸਪਤਾਲ ਦੇ 2 ਡਾਕਟਰਾਂ ਵਾਲੀ 5 ਮੈਂਬਰੀ ਟੀਮ ਦੋਸ਼ਾਂ ਦੀ ਜਾਂਚ ਕਰੇਗੀ। ਮਿਸ਼ਰਾ ਨੇ ਕਿਹਾ,''ਟੀਮ ਨੂੰ ਵੀਰਵਾਰ ਤੱਕ ਰਿਪੋਰਟ ਸੌਂਪਣ ਲਈ ਕਿਹਾ ਗਿਆ ਹੈ।'' ਮ੍ਰਿਤਕਾਂ ਦੇ ਪਰਿਵਾਰਾਂ ਨੇ ਹਸਪਤਾਲ ਦੇ ਬਾਹਰ ਪ੍ਰਦਰਸ਼ ਕੀਤਾ, ਜਿਸ ਤੋਂ ਬਾਅਦ ਪੁਲਸ ਤਾਇਨਾਤ ਕੀਤੀ ਗਈ। ਪੋਸਟਮਾਰਟਮ ਲਈ ਲਾਸ਼ਾਂ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਇਕ ਜ਼ਿਲ੍ਹਾ ਅਧਿਕਾਰੀ ਨੇ ਦੱਸਿਆ,''ਹਰੇਕ ਪਰਿਵਾਰ ਨੂੰ ਜ਼ਿਲ੍ਹਾ ਰੈੱਡ ਕਰਾਸ ਫੰਡ ਤੋਂ 10 ਹਜ਼ਾਰ ਰੁਪਏ ਦਾ ਚੈੱਕ ਦਿੱਤਾ ਗਿਆ।'' ਕਾਂਗਰਸ ਵਿਧਾਇਕ ਦਲ ਦੇ ਨੇਤਾ ਰਾਮ ਚੰਦਰ ਕਦਮ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ 25-25 ਲੱਖ ਰੁਪਏ ਮੁਆਵਜ਼ੇ ਦੀ ਮੰਗ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8