SC ਦਾ ਅਹਿਮ ਫ਼ੈਸਲਾ; ਹਸਪਤਾਲ ਨੇ ਲਾਸ਼ ਦੂਜਿਆਂ ਨੂੰ ਸੌਂਪੀ, ਧੀ ਨੂੰ ਦੇਣਾ ਹੋਵੇਗਾ 25 ਲੱਖ
Sunday, Aug 18, 2024 - 12:33 PM (IST)
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਕੇਰਲ ਦੇ ਇਕ ਹਸਪਤਾਲ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਮਹਿਲਾ ਨੂੰ ਉਸ ਦੇ ਮ੍ਰਿਤਕ ਪਿਤਾ ਦੀ ਲਾਸ਼ ਦੂਜੇ ਪਰਿਵਾਰ ਨੂੰ ਸੌਂਪਣ ਲਈ 25 ਲੱਖ ਰੁਪਏ ਦਾ ਮੁਆਵਜ਼ਾ ਦੇਵੇ। ਲਾਸ਼ਾਂ ਨੂੰ ਬਦਲਣ ਦਾ ਇਹ ਮਾਮਲਾ 14 ਸਾਲ ਪੁਰਾਣਾ ਹੈ।
ਮੈਸਰਜ਼ ਏਰਨਾਕੁਲਮ ਮੈਡੀਕਲ ਸੈਂਟਰ ਅਤੇ ਇਕ ਹੋਰ ਨੂੰ ਸੇਵਾ ਵਿਚ ਲਾਪਰਵਾਹੀ ਲਈ ਜ਼ਿੰਮੇਵਾਰ ਠਹਿਰਾਉਂਦੇ ਹੋਏ ਜਸਟਿਸ ਹਿਮਾ ਕੋਹਲੀ ਅਤੇ ਜਸਟਿਸ ਸੰਦੀਪ ਮਹਿਤਾ ਦੇ ਬੈਂਚ ਨੇ ਕੇਰਲ ਸੂਬਾ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਦੇ ਆਦੇਸ਼ ਨੂੰ ਬਰਕਰਾਰ ਰੱਖਿਆ, ਸ਼ਿਕਾਇਤਕਰਤਾ ਡਾਕਟਰ ਪੀ. ਆਰ. ਜੈਸ਼੍ਰੀ ਅਤੇ ਇਕ ਹੋਰ ਨੂੰ 25 ਲੱਖ ਰੁਪਏ ਦਾ ਭੁਗਤਾਨ ਕਰਨ ਦਾ ਨਿਰਦੇਸ਼ ਦਿੱਤਾ। ਸੁਪਰੀਮ ਕੋਰਟ ਨੇ ਨੈਸ਼ਨਲ ਕੰਜ਼ਿਊਮਰ ਡਿਸਪਿਊਟਸ ਰਿਡਰੈਸਲ ਕਮਿਸ਼ਨ (ਐੱਨ.ਸੀ.ਡੀ.ਆਰ.ਸੀ.) ਦੇ ਨਿਰਦੇਸ਼ 'ਚ ਕੋਈ ਵੀ ਤਰਕ ਨਹੀਂ ਪਾਇਆ, ਜਿਸ 'ਚ ਹਸਪਤਾਲ ਨੂੰ ਸ਼ਿਕਾਇਤਕਰਤਾਵਾਂ ਨੂੰ ਸਿਰਫ 5 ਲੱਖ ਰੁਪਏ ਦਾ ਭੁਗਤਾਨ ਕਰਨ ਅਤੇ ਸੂਬਾ ਕਮਿਸ਼ਨ ਦੇ ਖਪਤਕਾਰ ਕਾਨੂੰਨੀ ਸਹਾਇਤਾ ਖਾਤੇ 'ਚ 25 ਲੱਖ ਰੁਪਏ ਜਮ੍ਹਾ ਕਰਨ ਦਾ ਨਿਰਦੇਸ਼ ਦਿੱਤਾ ਗਿਆ।
ਲਾਸ਼ ਕਿਸੇ ਹੋਰ ਦੀ, ਅੰਤਿਮ ਸੰਸਕਰਾ ਕਿਸੇ ਹੋਰ ਨੇ ਕੀਤਾ
ਲੈਫਟੀਨੈਂਟ ਕਰਨਲ ਏ.ਪੀ. ਕਾਂਥੀ ਨਾਮੀ ਇਕ ਮਰੀਜ਼ ਨੂੰ 28 ਦਸੰਬਰ 2009 ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਦੋ ਦਿਨ ਬਾਅਦ ਸ਼ਿਕਾਇਤਕਰਤਾ ਦੇ ਪਿਤਾ ਆਰ. ਪੁਰਸ਼ੋਤਮ ਨੂੰ ਦਾਖਲ ਕਰਵਾਇਆ ਗਿਆ ਸੀ। ਦੋਵਾਂ ਦੀ ਇਕ ਦਿਨ ਦੇ ਅੰਤਰਾਲ ਮਗਰੋਂ ਮੌਤ ਹੋ ਗਈ। ਹਸਪਤਾਲ ਦੇ ਸਟਾਫ ਨੇ ਪੁਰਸ਼ੋਤਮ ਦੀ ਲਾਸ਼ ਕੈਂਥੀ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਅਤੇ ਉਨ੍ਹਾਂ ਨੇ ਅੰਤਿਮ ਸੰਸਕਾਰ ਵੀ ਕਰ ਦਿੱਤਾ ਸੀ।