ਮੱਧ ਪ੍ਰਦੇਸ਼ ਦੇ ਹੋਸ਼ੰਗਾਬਾਦ ਜ਼ਿਲ੍ਹੇ ਦਾ ਨਾਮ ਬਦਲਕੇ ਹੋਵੇਗਾ ਨਰਮਦਾਪੁਰਮ, CM ਸ਼ਿਵਰਾਜ ਨੇ ਕੀਤਾ ਐਲਾਨ

Saturday, Feb 20, 2021 - 01:56 AM (IST)

ਭੋਪਾਲ - ਮੱਧ ਪ੍ਰਦੇਸ਼ ਦੇ ਹੋਸ਼ੰਗਾਬਾਦ ਜ਼ਿਲ੍ਹੇ ਦਾ ਨਾਮ ਬਦਲਿਆ ਜਾਵੇਗਾ। ਹੋਸ਼ੰਗਾਬਾਦ ਦਾ ਨਾਮ ਨਰਮਦਾਪੁਰਮ ਕੀਤਾ ਜਾਵੇਗਾ। ਸੀ.ਐੱਮ. ਸ਼ਿਵਰਾਜ ਸਿੰਘ ਚੌਹਾਨ ਨੇ ਇਸ ਦਾ ਐਲਾਨ ਕੀਤਾ ਹੈ।  ਨਰਮਦਾ ਜਯੰਤੀ ਮੌਕੇ ਹੋਸ਼ੰਗਾਬਾਦ ਪੁੱਜੇ ਸ਼ਿਵਰਾਜ ਸਿੰਘ ਚੌਹਾਨ ਨੇ ਸ਼ੁੱਕਰਵਾਰ ਨੂੰ ਸਠਾਣੀ ਘਾਟ 'ਤੇ ਪੂਜਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਇਹ ਐਲਾਨ ਕੀਤਾ ਹੈ। ਸੀ.ਐੱਮ. ਨੇ ਕਿਹਾ ਕਿ ਨਰਮਦਾ ਹੀ ਇਸ ਸ਼ਹਿਰ ਦੀ ਜੀਵਨਰੇਖਾ ਰਹੀ ਹੈ, ਹੁਣ ਨਰਮਦਾ ਦੇ ਨਾਮ ਹੀ ਸ਼ਹਿਰ ਦਾ ਨਾਮ ਨਰਮਦਾਪੁਰਮ ਹੋਵੇਗਾ। 

ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸਠਾਣੀ ਘਾਟ 'ਤੇ ਹੋਸ਼ੰਗਾਬਾਦ ਦੇ ਨਵੇਂ ਨਾਮ ਦਾ ਐਲਾਨ ਕਰਦੇ ਹੋਏ ਕਿਹਾ ਕਿ ਹੋਸ਼ੰਗਾਬਾਦ ਦੇ ਹਸਪਤਾਲ ਨੂੰ ਸਾਰੇ ਸਹੂਲਤ ਵਾਲਾ ਹਸਪਤਾਲ ਬਣਾਇਆ ਜਾਵੇਗਾ। ਨਾਲ ਹੀ ਆਡੀਟੋਰੀਅਮ, ਦੁਸ਼ਹਿਰਾ ਮੈਦਾਨ ਦਾ ਵੀ ਵਿਕਾਸ ਕੀਤਾ ਜਾਵੇਗਾ। ਹੋਸ਼ੰਗਾਬਾਦ ਜ਼ਿਲ੍ਹਾ ਮੱਧ  ਪ੍ਰਦੇਸ਼ ਦਾ ਕਾਫ਼ੀ ਪੁਰਾਣਾ ਸ਼ਹਿਰ ਹੈ। ਇਹ ਸ਼ਹਿਰ ਨਰਮਦਾ ਨਦੀ ਦੇ ਕੰਡੇ ਵਸਿਆ ਹੋਇਆ ਹੈ।

ਬੀਤੇ ਕਾਫ਼ੀ ਸਮੇਂ ਤੋਂ ਭਾਜਪਾ ਆਗੂ ਹੋਸ਼ੰਗਾਬਾਦ ਦੇ ਨਾਮ ਬਦਲੇ ਜਾਣ ਨੂੰ ਲੈ ਕੇ ਮੰਗ ਚੁੱਕਦੇ ਰਹਿੰਦੇ ਸਨ। ਕੁੱਝ ਸਮਾਂ ਪਹਿਲਾਂ ਪ੍ਰੋਟੇਮ ਸਪੀਕਰ ਰਾਮੇਸ਼ਵਰ ਸ਼ਰਮਾ ਨੇ ਹੋਸ਼ੰਗਾਬਾਦ ਜ਼ਿਲ੍ਹੇ ਦਾ ਨਾਮ ਬਦਲਣ ਦੀ ਮੰਗ ਕੀਤੀ ਸੀ। ਰਾਮੇਸ਼ਵਰ ਸ਼ਰਮਾ ਤੋਂ ਇਲਾਵਾ ਬੀਜੇਪੀ ਨੇਤਾ ਵੀ.ਡੀ. ਸ਼ਰਮਾ ਨੇ ਵੀ ਹੋਸ਼ੰਗਾਬਾਦ ਦਾ ਨਾਮ ਬਦਲ ਕੇ ਨਰਮਦਾਪੁਰਮ ਕਰਨ ਦੀ ਮੰਗ ਕੀਤੀ ਸੀ। ਦੱਸ ਦੇਈਏ ਕਿ ਭਾਜਪਾ ਦੀ ਦੂਜੇ ਸੂਬਿਆਂ ਦੀਆਂ ਸਰਕਾਰਾਂ ਵੀ ਕਈ ਸ਼ਹਿਰਾਂ ਦੇ ਨਾਮ ਬਦਲ ਚੁੱਕੀਆਂ ਹਨ। ਉੱਤਰ ਪ੍ਰਦੇਸ਼ ਵਿੱਚ ਵੀ ਯੋਗੀ ਆਦਿਤਿਅਨਾਥ ਦੀ ਸਰਕਾਰ ਕਈ ਸ਼ਹਿਰਾਂ ਦੇ ਨਾਮ ਬਦਲ ਚੁੱਕੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
 


Inder Prajapati

Content Editor

Related News