ਬੰਗਲਾਦੇਸ਼ ''ਚ ਹਾਲਾਤ ਜਲਦੀ ਹੀ ਆਮ ਹੋਣ ਦੀ ਆਸ : ਜੈਸਵਾਲ
Thursday, Jul 25, 2024 - 11:40 PM (IST)
ਨਵੀਂ ਦਿੱਲੀ : ਹਿੰਸਕ ਝੜਪਾਂ ਦੇ ਮੱਦੇਨਜ਼ਰ ਲਗਭਗ 6,700 ਭਾਰਤੀ ਵਿਦਿਆਰਥੀ ਬੰਗਲਾਦੇਸ਼ ਤੋਂ ਵਾਪਸ ਪਰਤ ਆਏ ਹਨ। ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਬੰਗਲਾਦੇਸ਼ ਵਿੱਚ ਸ਼ੇਖ ਹਸੀਨਾ ਦੀ ਅਗਵਾਈ ਵਾਲੀ ਸਰਕਾਰ ਵਿਰੁੱਧ ਵਿਵਾਦਤ ਨੌਕਰੀਆਂ ਦੀ ਰਾਖਵਾਂਕਰਨ ਪ੍ਰਣਾਲੀ ਨੂੰ ਖਤਮ ਕਰਨ ਦੀ ਮੰਗ ਨੂੰ ਲੈ ਕੇ ਵਿਦਿਆਰਥੀਆਂ ਦੇ ਪ੍ਰਦਰਸ਼ਨਾਂ ਦੌਰਾਨ ਹਾਲ ਹੀ ਵਿੱਚ ਹਿੰਸਕ ਝੜਪਾਂ ਵਿੱਚ 120 ਤੋਂ ਵੱਧ ਲੋਕ ਮਾਰੇ ਗਏ ਹਨ।
ਢਾਕਾ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ ਬੁੱਧਵਾਰ ਤੋਂ ਸਮੁੱਚੀ ਸਥਿਤੀ ਵਿੱਚ ਸੁਧਾਰ ਹੋਇਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਹੁਣ ਤੱਕ, 6,700 ਭਾਰਤੀ ਵਿਦਿਆਰਥੀ ਬੰਗਲਾਦੇਸ਼ ਤੋਂ ਵਾਪਸ ਆ ਚੁੱਕੇ ਹਨ। ਭਾਰਤ ਦੇ ਸਟੈਂਡ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਉਹ ਬੰਗਲਾਦੇਸ਼ ਦੀ ਮੌਜੂਦਾ ਸਥਿਤੀ ਨੂੰ ਆਪਣਾ ਅੰਦਰੂਨੀ ਮਾਮਲਾ ਮੰਨਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਬੰਗਲਾਦੇਸ਼ ਦੀ ਸਥਿਤੀ ਤੋਂ ਜਾਣੂ ਹਾਂ ਅਤੇ ਉੱਥੋਂ ਦੇ ਵਿਕਾਸ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਭਾਰਤ ਬੰਗਲਾਦੇਸ਼ ਦੀ ਮੌਜੂਦਾ ਸਥਿਤੀ ਨੂੰ ਆਪਣਾ ਅੰਦਰੂਨੀ ਮਾਮਲਾ ਮੰਨਦਾ ਹੈ। ਜੈਸਵਾਲ ਨੇ ਕਿਹਾ ਕਿ ਬੰਗਲਾਦੇਸ਼ ਸਰਕਾਰ ਦੇ ਸਮਰਥਨ ਤੇ ਸਹਿਯੋਗ ਨਾਲ ਅਸੀਂ ਆਪਣੇ ਵਿਦਿਆਰਥੀਆਂ ਦੀ ਸੁਰੱਖਿਅਤ ਵਾਪਸੀ ਦੀ ਵਿਵਸਥਾ ਕਰਨ ਵਿਚ ਸਫਲ ਰਹੇ ਹਾਂ।
ਉਨ੍ਹਾਂ ਨੇ ਕਿਹਾ ਕਿ ਇਕ ਕਰੀਬੀ ਗੁਆਂਢੀ ਹੋਣ ਦੇ ਨਾਤੇ, ਜਿਸ ਦੇ ਨਾਲ ਸਾਡੇ ਬਹੁਤ ਚੰਗੇ ਸਬੰਧ ਹਨ, ਸਾਨੂੰ ਆਸ ਹੈ ਕਿ ਦੇਸ਼ ਵਿਚ ਹਾਲਾਤ ਜਲਦੀ ਆਮ ਵਾਂਗ ਹੋ ਜਾਣਗੇ। ਜੈਸਵਾਲ ਨੇ ਪਿਛਲੇ ਹਫਤੇ ਕਿਹਾ ਸੀ ਕਿ ਬੰਗਲਾਦੇਸ਼ ਵਿਚ ਭਾਰਤੀ ਨਾਗਰਿਕਾਂ ਦੀ ਕੁੱਲ ਗਿਣਤੀ 15000 ਹੈ, ਜਿਨ੍ਹਾਂ ਵਿਚ 8500 ਵਿਦਿਆਰਥੀ ਹਨ।