ਮਹਾਰਾਸ਼ਟਰ ''ਚ ''ਝੂਠੀ ਸ਼ਾਨ'' ਖਾਤਰ ਪਿਤਾ ਨੇ ਧੀ ਦਾ ਕੀਤਾ ਕਤਲ

Sunday, Mar 31, 2019 - 12:37 PM (IST)

ਮਹਾਰਾਸ਼ਟਰ ''ਚ ''ਝੂਠੀ ਸ਼ਾਨ'' ਖਾਤਰ ਪਿਤਾ ਨੇ ਧੀ ਦਾ ਕੀਤਾ ਕਤਲ

ਅਹਿਮਦਨਗਰ (ਭਾਸ਼ਾ)— ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲੇ ਵਿਚ 17 ਸਾਲਾ ਇਕ ਕੁੜੀ ਦੀ ਉਸ ਦੇ ਹੀ ਪਿਤਾ ਨੇ ਕਤਲ ਕਰ ਦਿੱਤਾ। ਦੱਸਿਆ ਜਾਂਦਾ ਹੈ ਕਿ ਪਿਤਾ ਨੂੰ ਆਪਣੀ ਧੀ ਦਾ ਇਕ ਮੁੰਡੇ ਨਾਲ ਦੋਸਤੀ ਦਾ ਰਿਸ਼ਤਾ ਪਸੰਦ ਨਹੀਂ ਸੀ। ਓਧਰ ਜੇਮਖੇੜ ਪੁਲਸ ਥਾਣੇ ਦੇ ਇੰਸਪੈਕਟਰ ਪਵਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਇਹ 'ਝੂਠੀ ਸ਼ਾਨ' ਲਈ ਕੀਤਾ ਗਿਆ ਕਤਲ ਦਾ ਮਾਮਲਾ ਹੈ। ਉਨ੍ਹਾਂ ਨੇ ਦੱਸਿਆ ਕਿ ਕੁੜੀ ਅਕਸਰ ਫੋਨ 'ਤੇ ਮੁੰਡੇ ਨਾਲ ਗੱਲ ਕਰਦੀ ਸੀ ਅਤੇ ਉਸ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਕਾਲਜ ਵੀ ਜਾਂਦੀ ਸੀ।

ਪੁਲਸ ਅਧਿਕਾਰੀ ਨੇ ਦੱਸਿਆ ਕਿ ਕੁੜੀ ਦੇ ਪਿਤਾ ਨੇ ਉਸ ਨੂੰ ਕਈ ਵਾਰ ਮੁੰਡੇ ਨਾਲ ਆਪਣੀ ਦੋਸਤੀ ਖਤਮ ਕਰਨ ਨੂੰ ਕਿਹਾ ਸੀ ਪਰ ਕੁੜੀ ਨੇ ਅਜਿਹਾ ਨਹੀਂ ਕੀਤਾ। ਪੁਲਸ ਮੁਤਾਬਕ ਸ਼੍ਰੀਰੰਗ ਸਾਯਗੁੰਡੇ ਨੇ 23 ਮਾਰਚ ਨੂੰ ਗੁੱਸੇ 'ਚ ਆ ਕੇ ਆਪਣੀ ਧੀ ਦੀ ਗਲਾ ਘੁੱਟ ਕੇ ਕਤਲ ਕਰ ਦਿੱਤਾ। ਸਾਯਗੁੰਡੇ ਨੇ ਕੁੜੀ ਦੇ ਦੋ ਮਾਮਿਆਂ ਨਾਲ ਮਿਲ ਕੇ ਉਸ ਦੀ ਲਾਸ਼ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਅਤੇ 24 ਮਾਰਚ ਨੂੰ ਧੀ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ। ਇਸ ਤੋਂ ਅਗਲੇ ਦਿਨ ਯਾਨੀ 25 ਮਾਰਚ ਨੂੰ ਕੁੜੀ ਦੀ ਭੈਣ ਨੇ ਉਸ ਦੀ ਅੱਧ ਸੜੀ ਲਾਸ਼ ਘਰ ਕੋਲ ਇਕ ਤਲਾਬ ਨੇੜੇ ਦੇਖੀ। ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਵਿਰੁੱਧ ਭਾਰਤੀ ਸਜ਼ਾ ਜ਼ਾਬਤਾ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਕੁੜੀ ਦੇ ਪਿਤਾ ਅਤੇ ਉਸ ਦੇ ਦੋ ਰਿਸ਼ਤੇਦਾਰਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।


author

Tanu

Content Editor

Related News