ਲਾਕਡਾਊਨ ’ਤੇ ਗ੍ਰਹਿ ਮੰਤਰਾਲਾ ਨੇ ਸੂਬਿਆਂ ਤੋਂ ਮੰਗੇ ਸੁਝਾਅ
Friday, Apr 10, 2020 - 07:53 PM (IST)
ਨਵੀਂ ਦਿੱਲੀ– ਗ੍ਰਹਿ ਮੰਤਰਾਲਾ ਨੇ ਦੇਸ਼ ਵਿਚ 21 ਦਿਨਾਂ ਦੇ ਲਾਕਡਾਊਨ ’ਤੇ ਸੂਬਾ ਸਰਕਾਰਾਂ ਤੋਂ ਸੁਝਾਅ ਮੰਗੇ ਹਨ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਨ੍ਹਾਂ ਤੋਂ ਇਹ ਵੀ ਪੁੱਛਿਆ ਗਿਆ ਹੈ ਕਿ ਕੀ ਜ਼ਿਆਦਾ ਸ਼੍ਰੇਣੀ ਵਿਚ ਲੋਕਾਂ ਅਤੇ ਸੇਵਾਵਾਂ ਨੂੰ ਬੰਦ ਤੋਂ ਛੋਟ ਦਿੱਤੀ ਜਾ ਸਕਦੀ ਹੈ। ਇਸ ਤਰ੍ਹਾਂ ਦੇ ਸੰਕੇਤ ਹਨ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਬੰਦ ਨੂੰ 2 ਹਫਤੇ ਹੋਰ ਵਧਾਇਆ ਜਾ ਸਕਦਾ ਹੈ। ਗ੍ਰਹਿ ਮੰਤਰਾਲਾ ਨੇ ਸੂਬਾ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਭੇਜੇ ਗਏ ਪੱਤਰ ਵਿਚ 24 ਮਾਰਚ ਨੂੰ ਐਲਾਨੇ ਲਾਕਡਾਊਨ ਨੂੰ ਸਖ਼ਤਾਈ ਨਾਲ ਲਾਗੂ ਕਰਨ ਲਈ ਉਠਾਏ ਗਏ ਕਦਮਾਂ ਤੋਂ ਉਨ੍ਹਾਂ ਨੂੰ ਜਾਣੂ ਕਰਵਾਇਆ। ਇਸ ਨੇ ਉਨ੍ਹਾਂ ਨੂੰ ਬੰਦ ਦੇ ਦਾਇਰੇ ਤੋਂ ਬਾਹਰ ਰੱਖੇ ਗਏ ਲੋਕਾਂ ਅਤੇ ਸੇਵਾਵਾਂ ਬਾਰੇ ਵੀ ਜਾਣਕਾਰੀ ਦਿੱਤੀ।
ਗ੍ਰਹਿ ਮੰਤਰਾਲਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੰਤਰਾਲਾ ਨੇ ਸੂਬਾ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਿਹਾ ਕਿ ਬੰਦ ਦੇ ਵੱਖ-ਵੱਖ ਪਹਿਲੂਆਂ ਤੋਂ ਉਸ ਨੂੰ ਜਾਣੂ ਕਰਵਾਉਣ ਅਤੇ ਇਹ ਵੀ ਦੱਸਣ ਕਿ ਕੀ ਕੁਝ ਜ਼ਿਆਦਾ ਸ਼੍ਰੇਣੀ ਵਿਚ ਲੋਕਾਂ ਅਤੇ ਸੇਵਾਵਾਂ ਨੂੰ ਪਾਬੰਦੀ ਤੋਂ ਛੋਟ ਦਿੱਤੇ ਜਾਣ ਦੀ ਲੋੜ ਹੈ? ਬਿਹਾਰ ਸਮੇਤ ਕਈ ਸੂਬਿਆਂ ਨੇ ਗ੍ਰਹਿ ਮੰਤਰਾਲਾ ਨੂੰ ਪੱਤਰ ਦਾ ਜਵਾਬ ਦਿੱਤਾ ਹੈ। ਸੂਬਾ ਸਰਕਾਰਾਂ ਦੇ ਸੁਝਾਵਾਂ ਵਿਚ ਪੇਂਡੂ ਖੇਤਰਾਂ ਵਿਚ ਨਿਰਮਾਣ ਨਾਲ ਜੁੜੀਆਂ ਸਰਗਰਮੀਆਂ ਨੂੰ ਅੱਗੇ ਵਧਾਉਣਾ ਵੀ ਸ਼ਾਮਲ ਹੈ।