ਰਾਹੁਲ ਦੀ ‘ਮਹਿੰਗੀ’ ਟੀ-ਸ਼ਰਟ ਦਾ ਰੌਲਾ, ਗਹਿਲੋਤ ਬੋਲੇ- ਗ੍ਰਹਿ ਮੰਤਰੀ ਦੇ ਮਫ਼ਲਰ ਦੀ ਕੀਮਤ 80 ਹਜ਼ਾਰ ਰੁਪਏ

Monday, Sep 12, 2022 - 05:58 PM (IST)

ਰਾਹੁਲ ਦੀ ‘ਮਹਿੰਗੀ’ ਟੀ-ਸ਼ਰਟ ਦਾ ਰੌਲਾ, ਗਹਿਲੋਤ ਬੋਲੇ- ਗ੍ਰਹਿ ਮੰਤਰੀ ਦੇ ਮਫ਼ਲਰ ਦੀ ਕੀਮਤ 80 ਹਜ਼ਾਰ ਰੁਪਏ

ਜੈਪੁਰ- ਰਾਹੁਲ ਗਾਂਧੀ ਦੀ ‘ਮਹਿੰਗੀ’ ਟੀ-ਸ਼ਰਟ ਨੂੰ ਲੈ ਕੇ ਭਾਜਪਾ ਆਗੂਆਂ ਵਲੋਂ ਸਵਾਲ ਚੁੱਕੇ ਜਾਣ ’ਤੇ ਪਲਟਵਾਰ ਕਰਦੇ ਹੋਏ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਮਫ਼ਲਰ ਦੀ ਕੀਮਤ 80,000 ਰੁਪਏ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਆਗੂ ਢਾਈ-ਢਾਈ ਲੱਖ ਰੁਪਏ ਦੇ ਚਸ਼ਮੇ ਪਹਿਨਦੇ ਹਨ। ਮੁੱਖ ਮੰਤਰੀ ਗਹਿਲੋਤ ਨੇ ਕਿਹਾ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਕਾਫੀ ਸਫ਼ਲ ਸਿੱਧ ਹੋ ਰਹੀ ਹੈ ਅਤੇ ਇਸ ਕਾਰਨ ਭਾਜਪਾ ਦੇ ਆਗੂ ਬੌਖਲਾ ਗਏ ਹਨ।

PunjabKesari

ਗਹਿਲੋਤ ਨੇ ਚੁਰੂ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਆਗੂ ਇਕ ਟੀ-ਸ਼ਰਟ ਨੂੰ ਲੈ ਕੇ ਗੱਲਾਂ ਕਰ ਰਹੇ ਹਨ, ਜਦਕਿ ਉਨ੍ਹਾਂ ਦੇ ਚਸ਼ਮੇ ਢਾਈ-ਢਾਈ ਲੱਖ ਰੁਪਏ ਦੇ ਹੁੰਦੇ ਹਨ। ਜੋ ਸਾਡੇ ਗ੍ਰਹਿ ਮੰਤਰੀ ਮਫ਼ਲਰ ਪਾਉਂਦੇ ਹਨ, ਉਹ 80,000 ਰੁਪਏ ਦਾ ਹੈ। ਇਸ ਤਰ੍ਹਾਂ ਦੀਆਂ ਗੱਲਾਂ ਕਰ ਕੇ ਇਹ ਲੋਕ ਕੀ ਚਾਹੁੰਦੇ ਹਨ? ਟੀ-ਸ਼ਰਟ ’ਤੇ ਰਾਜਨੀਤੀ ਕਰ ਰਹੇ ਹਨ ਇਹ ਲੋਕ।

ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਵਲੋਂ ਭਾਰਤ ਜੋੜੋ ਯਾਤਰਾ ਦੌਰਾਨ ‘ਬਰਬੇਰੀ ਬ੍ਰਾਂਡ’ ਦੀ ਮਹਿੰਗੀ ਟੀ-ਸ਼ਰਟ ਪਹਿਨਣ ਨੂੰ ਲੈ ਕੇ ਭਾਜਪਾ ਉਨ੍ਹਾਂ ’ਤੇ ਨਿਸ਼ਾਨਾ ਵਿੰਨ੍ਹ ਰਹੀ ਹੈ, ਜਿਸ ਦੀ ਕੀਮਤ ਕਰੀਬ 41,000 ਰੁਪਏ ਤੋਂ ਵੱਧ ਦੱਸੀ ਜਾਂਦੀ ਹੈ। ਗਹਿਲੋਤ ਨੇ ਯਾਤਰਾ ਬਾਰੇ ਪੁੱਛੇ ਜਾਣ ’ਤੇ ਪੱਤਰਕਾਰਾਂ ਨੂੰ ਕਿਹਾ ਕਿ ਯਾਤਰਾ ਬਹੁਤ ਸਫ਼ਲ ਚੱਲ ਰਹੀ ਹੈ। ਜਨਤਾ ਤੋਂ ਬਹੁਤ ਸ਼ਾਨਦਾਰ ਪ੍ਰਤੀਕਿਰਿਆ ਮਿਲੀ ਹੈ। ਰਾਹੁਲ ਗਾਂਧੀ ਜੋ ਸੰਦੇਸ਼ ਦੇ ਰਹੇ ਹਨ, ਜਨਤਾ ਉਸ ਨੂੰ ਅਪਣਾ ਰਹੀ ਹੈ। 


author

Tanu

Content Editor

Related News