ਹੋਲੀ ਦੇ ਰੰਗ ''ਚ ਡੁੱਬੀ ਰਾਮ ਜਨਮ ਭੂਮੀ, ਸ਼ਰਧਾਲੂਆਂ ਨੇ ਰਾਮ ਲੱਲਾ ਨਾਲ ਮਨਾਇਆ ਤਿਉਹਾਰ (ਤਸਵੀਰਾਂ)
Monday, Mar 25, 2024 - 03:46 PM (IST)
ਅਯੁੱਧਿਆ- ਅਯੁੱਧਿਆ ਸਥਿਤ ਰਾਮ ਮੰਦਰ ਵਿਚ ਸੋਮਵਾਰ ਨੂੰ ਹੋਲੀ ਦਾ ਤਿਉਹਾਰ ਮਨਾਇਆ ਗਿਆ। ਸਵੇਰ ਤੋਂ ਹੀ ਵੱਖ-ਵੱਖ ਥਾਵਾਂ ਤੋਂ ਲੋਕ ਮੰਦਰ ਪਹੁੰਚੇ ਅਤੇ ਉਨ੍ਹਾਂ ਨੇ ਮੂਰਤੀ ਨੂੰ ਰੰਗ ਅਤੇ ਫੁੱਲ ਚੜ੍ਹਾਏ। ਸ਼ਰਧਾਲੂਆਂ ਦੇ ਉਤਸ਼ਾਹ ਨਾਲ ਪੂਰਾ ਰਾਮ ਜਨਮ ਭੂਮੀ ਕੰਪਲੈਕਸ ਰੰਗਾਂ ਦੇ ਤਿਉਹਾਰ ਦੀ ਖੁਸ਼ੀ ਵਿਚ ਡੁੱਬਿਆ ਹੋਇਆ ਹੈ। ਰਾਮ ਮੰਦਰ ਦੇ ਵਿਹੜੇ 'ਚ ਪੁਜਾਰੀਆਂ ਨੇ ਮੂਰਤੀ 'ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਭਗਵਾਨ ਰਾਮ ਲੱਲਾ ਨਾਲ ਹੋਲੀ ਖੇਡੀ।
ਇਸ ਤੋਂ ਇਲਾਵਾ ਰਾਗ ਭੋਗ ਅਤੇ ਸ਼ਿੰਗਾਰ ਦੇ ਹਿੱਸੇ ਵਜੋਂ ਅਬੀਰ-ਗੁਲਾਲ ਰਾਮ ਲੱਲਾ ਨੂੰ ਭੇਟ ਕੀਤਾ ਗਿਆ। ਰਾਮ ਜਨਮ ਭੂਮੀ ਕੰਪਲੈਕਸ 'ਚ ਰਾਮ ਲੱਲਾ ਦੇ ਦਰਸ਼ਨਾਂ ਲਈ ਆਏ ਸ਼ਰਧਾਲੂ ਹੋਲੀ ਦੇ ਗੀਤਾਂ 'ਤੇ ਨੱਚਦੇ, ਗਾਉਂਦੇ ਦੇਖੇ ਗਏ। ਇਸੇ ਤਰ੍ਹਾਂ ਸਮੁੱਚੀ ਰਾਮਨਗਰੀ ਵਿੱਚ ਹੋਲੀ ਦੀਆਂ ਖੁਸ਼ੀਆਂ ਮਨਾਈਆਂ ਗਈਆਂ।
ਰਾਮ ਜਨਮ ਭੂਮੀ ਮੰਦਰ ਦੇ ਮੁੱਖ ਪੁਜਾਰੀ ਆਚਾਰੀਆ ਸਤੇਂਦਰ ਦਾਸ ਨੇ ਦੱਸਿਆ ਕਿ ਰਾਮ ਲੱਲਾ ਮੰਦਰ ਵਿਚ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਪਹਿਲੀ ਹੋਲੀ ਮਨਾਈ ਜਾ ਰਹੀ ਹੈ। ਰਾਮ ਲੱਲਾ ਦੀ ਆਕਰਸ਼ਕ ਮੂਰਤੀ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ, ਮੱਥੇ 'ਤੇ ਗੁਲਾਲ ਲਗਾਇਆ ਗਿਆ ਹੈ। ਇਸ ਮੌਕੇ ਰਾਮ ਲੱਲਾ ਦੀ ਮੂਰਤੀ ਨੂੰ ਗੁਲਾਬੀ ਪਹਿਰਾਵਾ ਪਹਿਨਾਇਆ ਗਿਆ। ਐਤਵਾਰ ਨੂੰ ਵੱਡੀ ਗਿਣਤੀ 'ਚ ਸ਼ਰਧਾਲੂ ਰਾਮ ਲੱਲਾ ਦੇ ਦਰਬਾਰ 'ਚ ਪਹੁੰਚ ਕੇ ਆਪਣੇ ਭਗਵਾਨ ਦੇ ਦਰਸ਼ਨ ਕਰ ਕੇ ਨਤਮਸਤਕ ਹੋਏ। ਰਾਮ ਲੱਲਾ ਦੀ ਹੋਲੀ ਲਈ ਮੰਦਰ ਵੱਲੋਂ ਵਿਸ਼ੇਸ਼ ਤਿਆਰੀਆਂ ਕੀਤੀਆਂ ਗਈਆਂ ਹਨ।