...ਤੇ ਇਸ ਕਾਰਨ 'Fair & Lovely' ਕ੍ਰੀਮ ਨਾਲੋਂ 'ਫੇਅਰ' ਸ਼ਬਦ ਹਟਾਏਗੀ ਕੰਪਨੀ
Thursday, Jun 25, 2020 - 04:24 PM (IST)
ਨਵੀਂ ਦਿੱਲੀ : ਐੱਫ.ਐੱਮ.ਸੀ.ਜੀ. ਪ੍ਰਮੁੱਖ ਹਿੰਦੁਸਤਾਨ ਯੂਨੀਲੀਵਰ ਲਿਮਿਟਡ (HUL) ਆਪਣੇ ਲੋਕਪ੍ਰਿਯ ਸਕਿੱਨ ਕੇਅਰ ਬਰਾਂਡ 'ਫੇਅਰ ਐਂਡ ਲਵਲੀ' ਦਾ ਨਾਂ ਬਦਲਣ ਜਾ ਰਹੀ ਹੈ। ਕੰਪਨੀ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਕੰਪਨੀ ਦਾ ਕਹਿਣਾ ਹੈ ਕਿ ਉਹ ਫੇਅਰ ਐਂਡ ਲਵਲੀ ਦੇ ਨਾਲੋਂ 'ਫੇਅਰ' ਸ਼ਬਦ ਨੂੰ ਹਟਾਏਗੀ। ਕਈ ਸਾਲਾਂ ਤੋਂ ਕੰਪਨੀ 'ਤੇ ਚਮੜੀ ਦੇ ਰੰਗ (skin tone) ਨੂੰ ਲੈ ਕੇ ਭੇਦਭਾਵ ਪੈਦਾ ਕਰਨ ਦੇ ਇਲਜ਼ਾਮ ਲੱਗਦੇ ਰਹੇ ਹਨ, ਜਿਸ ਦੇ ਚਲਦੇ ਹੁਣ ਕੰਪਨੀ ਨੇ ਇਹ ਫੈਸਲਾ ਲਿਆ ਹੈ। ਕੰਪਨੀ ਨੇ ਦੱਸਿਆ ਕਿ ਨਵੇਂ ਨਾਮ ਲਈ ਅਰਜ਼ੀ ਦਿੱਤੀ ਗਈ ਹੈ, ਜਿਸ ਨੂੰ ਅਜੇ ਮਨਜੂਰੀ ਨਹੀਂ ਮਿਲੀ ਹੈ। ਨਵੇਂ ਨਾਮ ਨਾਲ ਆਉਣ ਵਾਲਾ 'ਫੇਅਰ ਐਂਡ ਲਵਲੀ' ਬਰਾਂਡ ਵੱਖ-ਵੱਖ ਸਕਿੱਨ ਟੋਨ ਵਾਲੀਆਂ ਜਨਾਨੀਆਂ ਦੀ ਪ੍ਰਤੀਨਿਧਤਾ 'ਤੇ ਜ਼ਿਆਦਾ ਕੇਂਦਰਿਤ ਹੋਵੇਗਾ।
ਐੱਚ.ਯੂ.ਐੱਲ. ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸੰਜੀਵ ਮਹਿਤਾ ਦਾ ਕਹਿਣਾ ਹੈ ਕਿ ਉਹ ਆਪਣੀ ਕੰਪਨੀ ਦੇ ਸਕਿੱਨ ਕੇਅਰ ਦਾ ਪੋਟਰਫੋਲੀਓ ਹੋਰ ਵਿਆਪਕ ਕਰ ਰਹੇ ਹਨ ਤਾਂ ਕਿ ਇਸ ਨਾਲ ਸੁੰਦਰਤਾ ਦੇ ਵੱਖ-ਵੱਖ ਰੂਪ ਜੁੜ ਸਕਣ। ਸਾਲ 2019 ਵਿਚ ਅਸੀਂ ਦੋ ਚਿਹਰਿਆਂ ਵਾਲਾ ਕੈਮੀਓ ਵੀ ਹਟਾ ਦਿੱਤਾ ਸੀ ਅਤੇ ਨਾਲ ਹੀ ਸ਼ੇਡ ਗਾਈਡ ਵੀ ਹਟਾ ਦਿੱਤੀ ਗਈ ਸੀ। ਇਸ ਬਦਲਾਅ ਦਾ ਕਾਫੀ ਸਕਾਰਾਤਮਕ ਅਸਰ ਦੇਖਣ ਨੂੰ ਮਿਲਿਆ ਸੀ ਅਤੇ ਗਾਹਕਾਂ ਨੇ ਸਾਡਾ ਬਾਖੂਬੀ ਸਾਥ ਦਿੱਤਾ ਸੀ। ਹੁਣ ਅਸੀਂ ਬਰਾਂਡ ਦੇ ਨਾਂ ਤੋਂ 'ਫੇਅਰ' ਸ਼ਬਦ ਹਟਾਉਣ ਦਾ ਐਲਾਨ ਕੀਤਾ ਹੈ।
ਜ਼ਿਕਰਯੋਗ ਹੈ ਕਿ ਸਾਲ 1975 ਵਿਚ ਹਿੰਦੁਸਤਾਨ ਯੂਨੀਲੀਵਰ ਨੇ 'ਫੇਅਰ ਐਂਡ ਲਵਲੀ' ਨਾਂ ਦੀ ਕ੍ਰੀਮ ਲਾਂਚ ਕੀਤੀ ਸੀ। ਦੇਸ਼ ਵਿਚ ਗੋਰੇਪਨ ਦੀ ਕ੍ਰੀਮ ਦੇ ਬਾਜ਼ਾਰ ਦਾ 50-70 ਫ਼ੀਸਦੀ ਹਿੱਸਾ 'ਫੇਅਰ ਐਂਡ ਲਵਲੀ' ਦੇ ਕੋਲ ਹੀ ਹੈ। 'ਫੇਅਰ ਐਂਡ ਲਵਲੀ' ਨੇ ਸਾਲ 2016 ਵਿਚ 2000 ਕਰੋੜ ਕਲੱਬ ਵਿਚ ਪ੍ਰਵੇਸ਼ ਕੀਤਾ, ਜਿਸ ਤੋਂ ਪਤਾ ਲੱਗਦਾ ਹੈ ਕਿ ਭਾਰਤ ਵਿਚ ਗੋਰਾ ਕਰਨ ਵਾਲੀ ਕ੍ਰੀਮ ਖੂਬ ਵਿਕੀ।