ਹਿੰਦੂ-ਮੁਸਲਿਮ ਏਕਤਾ ਦਾ ਪ੍ਰਤੀਕ ਸੀ ਗਣਪਤੀ ਵਿਸਰਜਨ ਹਾਦਸੇ 'ਚ ਜਾਨ ਗਵਾਉਣ ਵਾਲਾ ਪਰਵੇਜ਼

Saturday, Sep 14, 2019 - 04:50 PM (IST)

ਹਿੰਦੂ-ਮੁਸਲਿਮ ਏਕਤਾ ਦਾ ਪ੍ਰਤੀਕ ਸੀ ਗਣਪਤੀ ਵਿਸਰਜਨ ਹਾਦਸੇ 'ਚ ਜਾਨ ਗਵਾਉਣ ਵਾਲਾ ਪਰਵੇਜ਼

ਭੋਪਾਲ— ਭੋਪਾਲ 'ਚ ਗਣਪਤੀ ਵਿਸਰਜਨ ਦੌਰਾਨ ਸ਼ੁੱਕਰਵਾਰ ਨੂੰ ਹੋਏ ਹਾਦਸੇ 'ਚ ਜਾਨ ਗਵਾਉਣ ਵਾਲੇ 11 ਲੋਕਾਂ 'ਚ ਸ਼ਾਮਲ 12 ਸਾਲਾ ਪਰਵੇਜ਼ ਸ਼ੇਖ ਹਿੰਦੂ-ਮੁਸਲਿਮ ਏਕਤਾ ਦਾ ਪ੍ਰਤੀਕ ਸੀ। ਪਰਵੇਜ਼ ਪਿਛਲੇ ਕਰੀਬ 7 ਸਾਲਾਂ ਤੋਂ ਭੋਪਾਲ ਦੇ ਪਿਪਲਾਨੀ ਇਲਾਕੇ 'ਚ 'ਨਰਾਤੇ ਗਣੇਸ਼ ਉਤਸਵ ਕਮੇਟੀ 100 ਕਵਾਰਟਰ ਬਸਤੀ' 'ਚ ਗਣਪਤੀ ਸਥਾਪਨਾ 'ਚ ਸਰਗਰਮ ਰੂਪ ਨਾਲ ਸ਼ਾਮਲ ਹੁੰਦਾ ਸੀ। ਪਰਵੇਜ਼ ਦੀ ਮਾਂ ਸ਼ਫੀਕਾ ਸ਼ੇਖ ਨੇ ਰੋਂਦੇ ਨੇ ਕਿਹਾ,''ਪਰਵੇਜ਼ ਨੂੰ ਮੈਂ ਗਣਪਤੀ ਮੂਰਤੀ ਵਿਸਰਜਿਤ ਕਰਨ ਲਈ ਜਾਣ ਤੋਂ ਰੋਕਿਆ ਸੀ ਪਰ ਉਸ ਨੇ ਕਿਹਾ ਸੀ- ਅੰਮੀ ਬੱਪਾ ਦੀ ਪੂਜਾ ਲਈ ਅਗਰਬੱਤੀ ਖਰੀਦਣ ਲਈ 10 ਰੁਪਏ ਦੇ ਦਿਓ। ਇਸ ਤੋਂ ਬਾਅਦ ਅਸੀਂ ਝਾਂਕੀ ਨਹੀਂ ਬਿਠਾ ਰਹੇ ਹਾਂ। ਬੱਸ ਆਖਰੀ ਝਾਂਕੀ ਹੈ, ਇਸ ਤੋਂ ਬਾਅਦ ਨਹੀਂ ਜਾਵਾਂਗਾ।'' ਉਨ੍ਹਾਂ ਨੇ ਕਿਹਾ,''ਇਸ ਤੋਂ ਬਾਅਦ ਮੈਂ ਉਸ ਨੂੰ 10 ਰੁਪਏ ਦੇ ਦਿੱਤੇ ਸਨ। ਉਹ ਚੱਲਾ ਗਿਆ ਅਤੇ ਉਸ ਨੇ ਜਾਂਦੇ-ਜਾਂਦੇ ਕਿਹਾ ਸੀ ਕਿ ਉਹ ਗਣਪਤੀ ਬੱਪਾ ਦੀ ਮੂਰਤੀ ਦਾ ਵਿਸਰਜਨ ਕਰ ਕੇ ਜਲਦੀ ਆ ਜਾਵੇਗਾ ਪਰ ਉਹ ਜਿਉਂਦਾ ਵਾਪਸ ਨਹੀਂ ਆਇਆ।''

ਉੱਥੇ ਹੀ ਪਰਵੇਜ਼ ਦੇ ਵੱਡੇ ਭਰਾ ਅਸ਼ਫਾਕ ਸ਼ੇਖ ਉਰਫ ਸ਼ਾਹਰੁਖ ਨੇ ਦੱਸਿਆ ਕਿ ਪਰਵੇਜ਼ 4-5 ਸਾਲ ਦੀ ਉਮਰ ਤੋਂ ਹੀ ਹਰ ਸਾਲ ਗਣੇਸ਼ ਦੀ ਝਾਂਕੀ 'ਚ ਸ਼ਾਮਲ ਹੁੰਦਾ ਸੀ। ਗਣੇਸ਼ ਪੂਜਾ ਦੌਰਾਨ ਉਹ ਦਿਨ 'ਚ ਬਸਤੀ 'ਚ ਬਣੇ ਪੰਡਾਲ 'ਚ ਹੀ ਰੁਕਦਾ ਅਤੇ ਉੱਥੇ ਹੀ ਭੋਜਨ ਵੀ ਕਰਦਾ ਸੀ। ਘਰ ਇਹ ਸਿਰਫ਼ ਨਹਾਉਣ ਅਤੇ ਸੌਣ ਆਉਂਦਾ ਸੀ।'' ਉਨ੍ਹਾਂ ਨੇ ਕਿਹਾ ਕਿ ਪਰਵੇਜ਼ ਗਣਪਤੀ ਕਮੇਟੀ ਦਾ ਮੈਂਬਰ ਵੀ ਸੀ ਅਤੇ ਇਸ ਨਾਲ ਜੁੜੇ ਹਰ ਆਯੋਜਨ 'ਚ ਸ਼ਾਮਲ ਹੁੰਦਾ ਸੀ। ਦੱਸਣਯੋਗ ਹੈ ਕਿ ਭੋਪਾਲ ਸਥਿਤ ਛੋਟੇ ਤਾਲਾਬ ਦੇ ਖਟਲਾਪੁਰਾ ਘਾਟ 'ਤੇ ਸ਼ੁੱਕਰਵਾਰ ਤੜਕੇ ਭਗਵਾਨ ਗਣੇਸ਼ ਦੀ ਇਕ ਵਿਸ਼ਾਲ ਮੂਰਤੀ ਦੇ ਵਿਸਰਜਨ ਦੌਰਾਨ 2 ਕਿਸ਼ਤੀਆਂ ਦੇ ਪਲਟਣ ਨਾਲ 11 ਲੋਕਾਂ ਦੀ ਡੁੱਬਣ ਨਾਲ ਮੌਤ ਹੋ ਗਈ। ਇਹ ਸਾਰੇ 100 ਕਵਾਰਟਰ ਬਸਤੀ ਦੇ ਰਹਿਣ ਵਾਲੇ ਸਨ।


author

DIsha

Content Editor

Related News