ਪੰਜਾਬ ਤੋਂ 'ਪੀਰ ਨਿਗਾਹੇ' ਜਾ ਰਹੇ ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਪਲਟੀ, 3 ਦੀ ਮੌਤ
Wednesday, May 25, 2022 - 10:39 AM (IST)
ਊਨਾ (ਅਮਿਤ)– ਪੰਜਾਬ ਤੋਂ ਹਿਮਾਚਲ ਪ੍ਰਦੇਸ਼ ਦੇ ਧਾਰਮਿਕ ਅਸਥਾਨ ਪੀਰ ਨਿਗਾਹੇ ’ਚ ਮੱਥਾ ਟੇਕਣ ਜਾ ਰਹੇ ਸ਼ਰਧਾਲੂਆਂ ਦੀ ਟਰੈਕਟਰ-ਟਰਾਲੀ ਪਲਟਣ ਨਾਲ 3 ਦੀ ਮੌਤ ਹੋ ਗਈ, ਜਦਕਿ ਅੱਧਾ ਦਰਜਨ ਦੇ ਕਰੀਬ ਸ਼ਰਧਾਲੂ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਬੁੱਧਵਾਰ ਯਾਨੀ ਕਿ ਅੱਜ ਪੰਜਾਬ ਦੇ ਹੁਸ਼ਿਆਰਪੁਰ ਦੀ ਗੜ੍ਹਸ਼ੰਕਰ ਤਹਿਸੀਲ ਦੇ ਕਸਬਾ ਹਾਜ਼ੀਪੁਰ ਤੋਂ ਮੱਥਾ ਟੇਕਣ ਅਤੇ ਲੰਗਰ ਲਾਉਣ ਲਈ ਜਾ ਰਹੇ ਸ਼ਰਧਾਲੂਆਂ ਦੀ ਟਰੈਕਟਰ-ਟਰਾਲੀ ਬੇਕਾਬੂ ਹੋ ਕੇ ਟਾਹਲੀਵਾਲ ਜ਼ਿਲ੍ਹਾ ਊਨਾ ਨੇੜੇ ਪਲਟ ਗਈ, ਜਿਸ ਕਾਰਨ 3 ਲੋਕਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਤੇਜਿੰਦਰਪਾਲ ਬੱਗਾ ਦੇ ਮਾਮਲੇ 'ਚ ਦਿੱਲੀ ਹਾਈ ਕੋਰਟ ਪਹੁੰਚੀ ਪੰਜਾਬ ਪੁਲਸ, ਦਿੱਲੀ ਪੁਲਸ ਤੋਂ ਜਵਾਬ ਤਲਬ
ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਖਮੀ 6 ਸ਼ਰਧਾਲੂਆਂ ਦਾ ਹਰੋਲੀ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਇਨ੍ਹਾਂ ’ਚੋਂ ਇਕ ਸ਼ਰਧਾਲੂ ਨੂੰ ਗੰਭੀਰ ਹਾਲਤ ’ਚ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਪੁਲਸ ਮੁਤਾਬਕ ਜਿੱਥੇ ਹਾਦਸਾ ਵਾਪਰਿਆ, ਉੱਥੇ ਤਿੱਖੀ ਚੜ੍ਹਾਈ ਹੈ। ਡਰਾਈਵਰ ਟਰੈਕਟਰ-ਟਰਾਲੀ ਤੋਂ ਕੰਟਰੋਲ ਗੁਆ ਬੈਠਾ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਹਾਦਸੇ ਤੋਂ ਬਾਅਦ ਸ਼ਰਧਾਲੂਆਂ ਦੀ ਚੀਕ-ਪੁਕਾਰ ਮਚ ਗਈ। ਸਥਾਨਕ ਲੋਕ ਤੁਰੰਤ ਮਦਦ ਲਈ ਦੌੜੇ ਅਤੇ ਜ਼ਖਮੀਆਂ ਨੂੰ ਸਥਾਨਕ ਹਸਪਤਾਲ ਪਹੁੰਚਾਇਆ। ਮ੍ਰਿਤਕਾਂ ਦੀ ਪਛਾਣ ਰਾਜੇਸ਼ ਅਤੇ ਮਨੋਹਰ ਲਾਲ ਵਾਸੀ ਗੜ੍ਹਸ਼ੰਕਰ ਪੰਜਾਬ ਦੇ ਰੂਪ ਵਿਚ ਹੋਈ ਹੈ। ਜਦ ਕਿ ਇਕ ਹੋਰ ਨੇ ਵੀ ਦਮ ਤੋੜ ਦਿੱਤਾ ਹੈ। DSP ਹਰੋਲੀ ਅਨਿਲ ਪਟਿਆਲ ਨੇ ਦੱਸਿਆ ਕਿ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ- ਹੈਰਾਨੀਜਨਕ! ਹਸਪਤਾਲ ਨੇ ਨਵਜਨਮੇ ਬੱਚੇ ਨੂੰ ਮ੍ਰਿਤਕ ਦੱਸਿਆ, ਦਫ਼ਨਾਉਣ ਦੌਰਾਨ ਮਿਲਿਆ ਜਿਊਂਦਾ