ਹਿਮਾਚਲ ਦੇ ਉੱਚਾਈ ਵਾਲੇ ਇਲਾਕਿਆਂ ’ਚ ਵਿਛੀ ਬਰਫ ਦੀ ਚਿੱਟੀ ਚਾਦਰ
Wednesday, Nov 29, 2023 - 03:18 PM (IST)
ਸ਼ਿਮਲਾ, (ਸੰਤੋਸ਼)- ਹਿਮਾਚਲ ’ਚ ਇਕ ਵਾਰ ਫਿਰ ਮੌਸਮ ਨੇ ਕਰਵਟ ਬਦਲੀ ਹੈ। ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੋਣ ਕਾਰਨ ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਉੱਚਾਈ ਵਾਲੇ ਇਲਾਕਿਆਂ ਵਿਚ ਬਰਫ਼ ਦੀ ਚਿੱਟੀ ਚਾਦਰ ਵਿਛ ਗਈ ਹੈ, ਜਿਸ ਕਾਰਨ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਕੋਕਸਰ ’ਚ 1 ਸੈਂਟੀਮੀਟਰ ਤਾਜ਼ਾ ਬਰਫ਼ਬਾਰੀ ਦਰਜ ਕੀਤੀ ਗਈ ਹੈ, ਜਦੋਂ ਕਿ ਭਰਮੌਰ ਵਿਚ 2 ਸੈਂਟੀਮੀਟਰ ਮੀਂਹ ਪਿਆ।
ਮੰਗਲਵਾਰ ਨੂੰ ਰਾਜਧਾਨੀ ਸ਼ਿਮਲਾ ਸਮੇਤ ਸੂਬੇ ਦੇ ਜ਼ਿਆਦਾਤਰ ਇਲਾਕਿਆਂ ’ਚ ਆਸਮਾਨ ’ਚ ਬੱਦਲ ਛਾਏ ਰਹੇ। ਸੂਬੇ ਦੇ ਚੰਬਾ ’ਚ ਵੱਧ ਤੋਂ ਵੱਧ ਤਾਪਮਾਨ 25.1 ਡਿਗਰੀ ਅਤੇ ਰਾਜਧਾਨੀ ਸ਼ਿਮਲਾ ਵਿਚ 16.5 ਡਿਗਰੀ ਦਰਜ ਕੀਤਾ ਗਿਆ ਹੈ, ਜਦੋਂ ਕਿ ਕੁਕੁਮਸੇਰੀ ’ਚ ਘੱਟੋ-ਘੱਟ ਤਾਪਮਾਨ 0.7 ਡਿਗਰੀ ਦਰਜ ਕੀਤਾ ਗਿਆ।
ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੇ ਨਿਰਦੇਸ਼ਕ ਡਾ. ਸੁਰਿੰਦਰ ਪਾਲ ਮੁਤਾਬਕ, 30 ਨਵੰਬਰ ਨੂੰ ਇਕ ਤਾਜ਼ਾ ਵੈਸਟਰਨ ਡਿਸਟਰਬੈਂਸ ਸਰਗਰਮ ਹੋਵੇਗਾ, ਜਿਸ ਕਾਰਨ ਇਸ ਦਿਨ ਇਕ ਯੈਲੋ ਅਲਰਟ ਰਹੇਗਾ। ਦਰਮਿਆਨੇ ਅਤੇ ਉੱਚੇ ਪਹਾੜੀ ਇਲਾਕਿਆਂ ਵਿਚ ਕੁਝ ਥਾਵਾਂ ’ਤੇ ਮੀਂਹ ਅਤੇ ਬਰਫ਼ਬਾਰੀ ਦੀਆਂ ਸੰਭਾਵਨਾਵਾਂ ਹਨ। 2 ਦਸੰਬਰ ਤੋਂ ਬਾਅਦ ਸੂਬੇ ਵਿਚ ਮੌਸਮ ਸਾਫ਼ ਅਤੇ ਖੁਸ਼ਕ ਰਹੇਗਾ।