Weather Update : ਹਿਮਾਚਲ 'ਚ 26 ਤੇ 27 ਅਪ੍ਰੈਲ ਨੂੰ ਫਿਰ ਯੈਲੋ ਅਲਰਟ
Monday, Apr 24, 2023 - 11:45 AM (IST)
ਸ਼ਿਮਲਾ/ਉਦੇਪੁਰ, (ਸੰਤੋਸ਼/ਬਿਊਰੋ)- ਹਿਮਾਚਲ ਪ੍ਰਦੇਸ਼ ਵਿਚ ਐਤਵਾਰ ਨੂੰ ਮੁੜ ਬਰਫਬਾਰੀ, ਗੜੇਮਾਰੀ ਤੇ ਮੀਂਹ ਪਿਆ। ਸੂਬੇ ’ਚ ਐਤਵਾਰ ਨੂੰ ਗੋਂਦਲਾ ’ਚ 6, ਕੇਲਾਂਗ ’ਚ 3 ਸੈਂਟੀਮੀਟਰ ਤਾਜ਼ਾ ਬਰਫਬਾਰੀ ਹੋਈ, ਜਦੋਂ ਕਿ ਚੰਬਾ ’ਚ 15, ਭਰਮੌਰ ’ਚ 7, ਸਲੂਣੀ ’ਚ 5, ਗੁਲਿਆਣੀ ’ਚ 4, ਡਲਹੌਜੀ, ਪਾਲਮਪੁਰ ਅਤੇ ਮਨਾਲੀ ’ਚ 3-3 ਮਿਲੀਮੀਟਰ ਮੀਂਹ ਤੋਂ ਇਲਾਵਾ ਕਾਂਗੜਾ ਜ਼ਿਲੇ ’ਚ ਇਕ-ਦੋ ਥਾਵਾਂ ’ਤੇ ਗੜੇ ਪਏ। ਮੌਸਮ ਦੇ ਮਿਜ਼ਾਜ ਕਾਰਨ ਸੂਬੇ ਦੇ ਊਨਾ ’ਚ ਸਭ ਤੋਂ ਵੱਧ 32.4 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ, ਜਦੋਂ ਕਿ ਕੇਲਾਂਗ ’ਚ -4.1 ਡਿਗਰੀ ਘੱਟੋ-ਘੱਟ ਤਾਪਮਾਨ ਦਰਜ ਕੀਤਾ ਗਿਆ।
ਪਿਛਲੇ 5-6 ਦਿਨਾਂ ਤੋਂ ਹੋਈ ਬਰਫਬਾਰੀ ਅਤੇ ਮੀਂਹ ਕਾਰਨ ਸੂਬੇ ’ਚ ਅਜੇ ਵੀ 35 ਸੜਕਾਂ, 83 ਟਰਾਂਸਫਾਰਮਰ ਅਤੇ 50 ਪੀਣ ਵਾਲੇ ਪਾਣੀ ਦੇ ਪ੍ਰਾਜੈਕਟ ਪ੍ਰਭਾਵਿਤ ਹੋਏ ਹਨ। ਸੂਬੇ ਦੀ ਆਫਤ ਪ੍ਰਬੰਧਨ ਅਥਾਰਿਟੀ ਅਨੁਸਾਰ ਲਾਹੌਲ-ਸਪਿਤੀ ’ਚ 25 ਸੜਕਾਂ, 29 ਟਰਾਂਸਫਾਰਮਰ ਅਤੇ 49 ਪੀਣ ਵਾਲੇ ਪਾਣੀ ਦੇ ਪ੍ਰਾਜੈਕਟ ਬੰਦ ਪਏ ਹਨ, ਜਦੋਂ ਕਿ ਕੁੱਲੂ ’ਚ 4 ਸੜਕਾਂ, 29 ਟਰਾਂਸਫਾਰਮਰ, ਉਥੇ ਹੀ ਚੰਬਾ ਜ਼ਿਲੇ ’ਚ 2 ਸੜਕਾਂ ਅਤੇ 25 ਟਰਾਂਸਫਾਰਮਰ ਪ੍ਰਭਾਵਿਤ ਹੋਏ ਹਨ। ਐਤਵਾਰ ਨੂੰ ਸੋਲਨ ’ਚ ਇਕ ਪੱਕਾ ਮਕਾਨ ਜਦੋਂ ਕਿ ਕੁੱਲੂ ’ਚ ਕੱਚਾ ਮਕਾਨ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਹੈ।
ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੇ ਨਿਰਦੇਸ਼ਕ ਸੁਰਿੰਦਰ ਪਾਲ ਨੇ ਕਿਹਾ ਕਿ ਸੂਬੇ ’ਚ 26 ਅਤੇ 27 ਅਪ੍ਰੈਲ ਨੂੰ ਯੈਲੋ ਅਲਰਟ ਰਹੇਗਾ, ਉੱਥੇ ਹੀ 24 ਅਤੇ 25 ਅਪ੍ਰੈਲ ਨੂੰ ਦਰਮਿਆਨੀ ਅਤੇ ਉਚੇ ਪਹਾੜੀ ਖੇਤਰਾਂ ’ਚ ਇਕ-ਦੋ ਥਾਵਾਂ ’ਤੇ ਮੀਂਹ ਅਤੇ ਬਰਫਬਾਰੀ ਹੋਣ ਦੀ ਸੰਭਾਵਨਾ ਹੈ।
ਬਰਫ ਦੇ ਤੋਦੇ ਡਿਗਣ ਨਾਲ ਮਯਾੜ ਘਾਟੀ ਦਾ ਉਦੇਪੁਰ ਨਾਲੋਂ ਸੰਪਰਕ ਟੁੱਟਿਆ
ਲਾਹੌਲ-ਸਪਿਤੀ ਦੇ ਉਦੇਪੁਰ ਉਪ ਮੰਡਲ ਦੇ ਸੂਰਯਾ ਨਾਲੇ ’ਚ ਬਰਫ ਦੇ ਤੋਦੇ ਡਿਗਣ ਨਾਲ ਮਯਾੜ ਘਾਟੀ ਦਾ ਉਦੇਪੁਰ ਨਾਲੋਂ ਸੰਪਰਕ ਟੁੱਟ ਗਿਆ ਹੈ। ਮਯਾੜ ਘਾਟੀ ਦੇ ਲੋਕ ਮਜਬੂਰਨ 25 ਕਿ. ਮੀ. ਪੈਦਲ ਚੱਲਣ ਨੂੰ ਮਜਬੂਰ ਹਨ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਅਤੇ ਪੀ. ਡਬਲਿਊ. ਡੀ. ਨੂੰ ਛੇਤੀ ਤੋਂ ਛੇਤੀ ਸੜਕ ਨੂੰ ਬਹਾਲ ਕਰਨ ਦੀ ਅਪੀਲ ਕੀਤੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਸੂਰਯਾ ਨਾਲੇ ਅਤੇ ਸ਼ਕੋਲੀ ਨਾਲੇ ’ਚ ਬਰਫ ਦੇ ਤੋਦੇ ਡਿਗਣ ਨਾਲ ਮਲਬਾ ਅਤੇ ਚੱਟਾਨਾਂ ਡਿੱਗ ਗਈਆਂ ਹਨ।