ਅਗਵਾ ਦੇ ਮਾਮਲਿਆਂ ਨੂੰ ਹੱਲ ਕਰਨ ’ਚ ਹਿਮਾਚਲ ਗੁਆਂਢੀ ਸੂਬਿਆਂ ਤੋਂ ਅੱਗੇ
Wednesday, Sep 07, 2022 - 05:43 PM (IST)
ਸ਼ਿਮਲਾ- ਹਿਮਾਚਲ ਪ੍ਰਦੇਸ਼ ਅਗਵਾ ਅਤੇ ਲਾਪਤਾ ਲੋਕਾਂ ਦਾ ਪਤਾ ਲਗਾਉਣ ਦੇ ਮਾਮਲੇ ਵਿਚ ਗੁਆਂਢੀ ਸੂਬਿਆਂ ਦੇ ਮੁਕਾਬਲੇ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਾ ਸੂਬਾ ਬਣ ਗਿਆ ਹੈ। ਸੂਬਾ ਪੁਲਸ ਨੇ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (NCRB) ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਬੁੱਧਵਾਰ ਨੂੰ ਇਹ ਦਾਅਵਾ ਕੀਤਾ। ਹਿਮਾਚਲ ਪੁਲਸ ਵੱਲੋਂ ਜਾਰੀ ਬਿਆਨ ਅਨੁਸਾਰ ਸਾਲ 2021 ਵਿਚ ਸੂਬੇ ’ਚ ਕੁੱਲ 528 ਲੋਕਾਂ ਨੂੰ ਅਗਵਾ ਕੀਤਾ ਗਿਆ ਸੀ, ਜਿਨ੍ਹਾਂ ’ਚੋਂ 451 ਲੋਕਾਂ ਦਾ ਪਤਾ ਲਗਾਇਆ ਗਿਆ ਸੀ।
ਸੂਬੇ ’ਚ ਪੁਲਸ ਵਲੋਂ ਅਗਵਾ ਦੇ ਮਾਮਲਿਆਂ ਨੂੰ ਹੱਲ ਕਰਨ ਦੀ ਫ਼ੀਸਦੀ ਦਰ 85.4 ਫ਼ੀਸਦੀ ਹੈ, ਜਦਕਿ ਰਾਸ਼ਟਰੀ ਪੱਧਰ ’ਤੇ ਇਹ ਔਸਤ 50.8 ਫ਼ੀਸਦੀ ਰਿਹਾ ਹੈ। ਪੁਲਸ ਅਨੁਸਾਰ ਅਗਵਾ ਹੋਏ ਵਿਅਕਤੀਆਂ ਨੂੰ ਲੱਭਣ ਵਿਚ ਉੜੀਸਾ ਤੋਂ ਬਾਅਦ ਦੇਸ਼ ਦੇ ਸਾਰੇ ਸੂਬਿਆਂ ਦੀ ਸੂਚੀ ਵਿਚ ਹਿਮਾਚਲ ਦੂਜੇ ਨੰਬਰ 'ਤੇ ਹੈ। NCRB ਦੇ ਅੰਕੜਿਆਂ ਮੁਤਾਬਕ ਹਿਮਾਚਲ ਦੇ ਗੁਆਂਢੀ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਅਗਵਾ ਦੇ ਮਾਮਲਿਆਂ ਨੂੰ ਹੱਲ ਕਰਨ ਦੀ ਫ਼ੀਸਦੀ ਦਰ ਇਸ ਤਰ੍ਹਾਂ ਹੈ- ਹਰਿਆਣਾ (78.9), ਜੰਮੂ ਅਤੇ ਕਸ਼ਮੀਰ (55.8), ਉੱਤਰ ਪ੍ਰਦੇਸ਼ (50), ਪੰਜਾਬ (42.9), ਚੰਡੀਗੜ੍ਹ (41.2) ਅਤੇ ਦਿੱਲੀ (34.7)।
NCRB ਦੇ ਅੰਕੜਿਆਂ ਮੁਤਾਬਕ 2021 ’ਚ ਸੂਬੇ ’ਚ ਕੁੱਲ 544 ਬੱਚੇ ਲਾਪਤਾ ਹੋਏ, ਜਿਨ੍ਹਾਂ ਵਿਚੋਂ 456 ਦਾ ਪਤਾ ਲਗਾਇਆ ਗਿਆ। ਲਾਪਤਾ ਬੱਚਿਆਂ ਦਾ ਪਤਾ ਲਗਾਉਣ ਲਈ ਸੂਬੇ ਦੀ ਪੁਲਸ ਕੇਸਾਂ ਨੂੰ ਹੱਲ ਕਰਨ ਦੀ ਰਾਸ਼ਟਰੀ ਔਸਤ 63.3 ਫ਼ੀਸਦੀ ਦੇ ਮੁਕਾਬਲੇ 83.8 ਫ਼ੀਸਦੀ ਹੈ। ਉੱਤਰੀ ਭਾਰਤ ਵਿਚ ਹਿਮਾਚਲ ਪ੍ਰਦੇਸ਼ ’ਚ ਲਾਪਤਾ ਬੱਚਿਆਂ ਦਾ ਪਤਾ ਲਾਉਣ ਦੀ ਫ਼ੀਸਦੀ ਸਭ ਤੋਂ ਵੱਧ ਹੈ।