ਹਿਮਾਚਲ ਪ੍ਰਦੇਸ਼ ਦੇ CM ਸੁੱਖੂ ਨੇ ਪੇਸ਼ ਕੀਤਾ ਬਜਟ, ਕੀਤੇ ਇਹ ਐਲਾਨ
Friday, Mar 17, 2023 - 12:58 PM (IST)
ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਵਿੱਤ ਸਾਲ 2023-24 ਲਈ ਰਾਜ ਵਿਧਾਨ ਸਭਾ 'ਚ ਆਪਣੇ ਕਾਰਜਕਾਲ ਦਾ ਪਹਿਲਾ ਬਜਟ ਸ਼ੁੱਕਰਵਾਰ ਨੂੰ ਪੇਸ਼ ਕੀਤਾ। ਇਸ 'ਚ ਸੁੱਖੂ ਨੇ ਐਲਾਨ ਕੀਤਾ ਹੈ ਕਿ ਰਾਜ ਦੇ ਜਨਤਕ ਟਰਾਂਸਪੋਰਟ 'ਚ ਇਲੈਕਟ੍ਰਿਕ ਵਾਹਨਾਂ ਨੂੰ ਅਪਣਾਉਣ ਦੇ ਲਿਹਾਜ ਨਾਲ ਹਿਮਾਚਲ ਪ੍ਰਦੇਸ਼ ਨੂੰ ਇਕ ਆਦਰਸ਼ ਰਾਜ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਡੀਜ਼ਲ ਨਾਲ ਚੱਲਣ ਵਾਲੀਆਂ ਕੁੱਲ 1500 ਬੱਸਾਂ ਨੂੰ ਇਕ ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਬਦਲਿਆ ਜਾਵੇਗਾ। ਪ੍ਰਦੇਸ਼ 'ਚ ਸੈਰ-ਸਪਾਟੇ ਨੂੰ ਉਤਸ਼ਾਹ ਦੇਣ ਲਈ ਕਾਂਗੜਾ ਜ਼ਿਲ੍ਹੇ ਨੂੰ ਸੈਰ-ਸਪਾਟਾ ਰਾਜਧਾਨੀ ਵਜੋਂ ਵਿਕਸਿਤ ਕਰਨ ਅਤੇ ਸਾਰੇ 12 ਜ਼ਿਲ੍ਹਿਆਂ ਨੂੰ ਅਗਲੇ ਇਕ ਸਾਲ ਦੌਰਾਨ ਹੈਲੀਪੋਰਟ ਸਹੂਲਤ ਨਾਲ ਜੋੜਨ ਦਾ ਵੀ ਐਲਾਨ ਕੀਤਾ ਗਿਆ।
ਹਾਲਾਂਕਿ 2022-23 ਦੌਰਾਨ ਰਾਜ ਦੇ ਸਕਲ ਘਰੇਲੂ ਉਤਪਾਦ 'ਚ ਵਾਧਾ ਘੱਟ ਕੇ 6.4 ਫੀਸਦੀ ਰਹਿ ਗਿਆ ਜੋ 2021-22 ਦੌਰਾਨ 7.6 ਫੀਸਦੀ ਸੀ। ਸੋਧ ਤਨਖਾਹ ਦੇ ਬਕਾਏ ਅਤੇ 11 ਹਜ਼ਾਰ ਕਰੋੜ ਰੁਪਏ ਦੇ ਮਹਿੰਗਾਈ ਭੱਤੇ ਦੇ ਭੁਗਤਾਨ ਕਾਰਨ ਰਾਜ 'ਤੇ 75 ਹਜ਼ਾਰ ਕਰੋੜ ਰੁਪਏ ਦਾ ਭਾਰੀ ਕਰਜ਼ ਅਤੇ ਹੋਰ ਦੇਣਦਾਰੀਆਂ ਹਨ। 2022-23 ਲਈ 13,141 ਕਰੋੜ ਰੁਪਏ ਦੀ ਗਰਾਂਟ ਦੀਆਂ ਮੰਗਾਂ ਨੂੰ 15 ਮਾਰਚ ਨੂੰ ਸਦਨ ਨੇ ਪਾਸ ਕੀਤਾ ਸੀ। ਸੁੱਖੂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਲੋਕਾਂ ਦੇ ਕਲਿਆਣ ਲਈ ਕੰਮ ਕਰਨ ਆਈ ਹੈ ਅਤੇ ਇਸੇ ਕ੍ਰਮ 'ਚ ਪੁਰਾਣੀ ਪੈਨਸ਼ਨ ਯੋਜਨਾ ਨੂੰ ਬਹਾਲ ਕੀਤਾ ਗਿਆ ਹੈ। ਸੁੱਖੂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਜਨਤਾ ਨਾਲ ਕੀਤੇ ਸਾਰੇ ਵਾਅਦਿਆਂ ਨੂੰ ਚਰਨਬੱਧ ਤਰੀਕੇ ਨਾਲ ਪੂਰਾ ਕਰੇਗੀ। ਪਹਿਲੇ ਪੜਾਅ 'ਚ 2,31,000 ਔਰਤਾਂ ਨੂੰ ਵਾਅਦੇ ਅਨੁਸਾਰ ਹਰ ਮਹੀਨੇ 1500 ਰੁਪਏ ਦਿੱਤੇ ਜਾਣਗੇ। ਉਨ੍ਹਾਂ ਨੇ ਰਾਜ ਦੇ ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੀਆਂ 20 ਹਜ਼ਾਰ ਕੁੜੀਆਂ ਨੂੰ ਇਲੈਕਟ੍ਰਿਕ ਸਕੂਟੀ ਖਰੀਦਣ 'ਤੇ 25 ਹਜ਼ਾਰ ਰੁਪਏ ਦੀ ਸਬਸਿਡੀ ਦੇਣ ਦਾ ਵੀ ਐਲਾਨ ਕੀਤਾ।