ਹੱਦਾਂ-ਸਰਹੱਦਾਂ ਤੋਂ ਪਾਰ ਹਿਮਾਚਲ ਦੇ ਗੱਭਰੂ ਤੇ ਚੀਨ ਦੀ ਕੁੜੀ ਦਾ ਇੰਝ ਹੋਇਆ ਮੇਲ
Sunday, Jan 20, 2019 - 11:28 AM (IST)
ਚੰਬਾ— ਕਹਿੰਦੇ ਨੇ ਪਿਆਰ ਹੱਦਾਂ-ਸਰਹੱਦਾਂ ਨਹੀਂ ਦੇਖਣਾ। ਅਕਸਰ ਅਸੀਂ ਸੋਸ਼ਲ ਮੀਡੀਆ, ਅਖਬਾਰਾਂ 'ਤੇ ਕਈ ਅਜਿਹੀਆਂ ਖਬਰਾਂ ਦੇਖਦੇ ਹਾਂ ਕਿ ਸੱਤ ਸਮੁੰਦਰ ਤੋਂ ਪਾਰ ਆਈ ਕੁੜੀ ਨੇ ਕਿਸੇ ਭਾਰਤੀ ਨਾਲ ਵਿਆਹ ਕਰਵਾਇਆ ਜਾਂ ਇਸ ਤਰ੍ਹਾਂ ਦੀਆਂ ਹੀ ਕੁਝ ਹੈਰਾਨ ਕਰ ਦੇਣ ਵਾਲੀ ਖਬਰਾਂ ਜੋ ਸੱਚੇ ਪਿਆਰ ਦੀਆਂ ਮਿਸਾਲ ਬਣਦੀਆਂ ਹਨ। ਸੱਚਾ ਪਿਆਰ ਜੇਕਰ ਕਿਸੇ ਨੂੰ ਮਿਲ ਜਾਵੇ ਤਾਂ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਇਸ ਗੱਲ ਨੂੰ ਸੱਚ ਕਰ ਦਿਖਾਇਆ ਹੈ ਹਿਮਾਚਲ ਦੇ ਲੜਕੇ ਅਤੇ ਚੀਨ ਦੀ ਲੜਕੀ ਨੇ। ਦਰਅਸਲ ਚੀਨ ਵਿਚ ਯੋਗ ਗੁਰੂ ਬਣ ਕੇ ਆਪਣੇ ਪ੍ਰਦੇਸ਼ ਦਾ ਨਾਂ ਰੌਸ਼ਨ ਕਰ ਰਹੇ ਹਿਮਾਚਲ ਦੇ ਚੰਬਾ ਦੇ ਰਹਿਣ ਵਾਲੇ ਰਵੀ ਭਾਰਦਵਾਜ ਨੇ ਚੀਨ ਦੀ ਲੜਕੀ ਨਾਲ ਵਿਆਹ ਕਰਵਾਇਆ। ਦੋਹਾਂ ਨੇ ਹਿੰਦੂ ਰੀਤੀ-ਰਿਵਾਜ ਮੁਤਾਬਕ ਵਿਆਹ ਕੀਤਾ। ਰਵੀ ਨਾਲ ਵਿਆਹ ਦੇ ਬੰਧਨ ਵਿਚ ਬੱਝੀ ਚੀਨ ਦੀ ਲੜਕੀ ਵੀ ਯੋਗ ਕਰਨ ਵਿਚ ਮਾਹਿਰ ਹੈ। ਬੀਤੇ ਦਿਨੀਂ ਦੋਵੇਂ ਵਿਆਹ ਦੇ ਬੰਧਨ ਵਿਚ ਬੱਝੇ।
ਚੰਬਾ ਦੇ ਸਾਲ ਘਾਟੀ ਦੇ ਪਿੰਡ ਪਨੇਲਾ ਦੇ ਗਿਆਨ ਚੰਦ ਦੇ ਘਰ 1990 ਵਿਚ ਜਨਮੇ ਰਵੀ ਨੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਪਤੰਜਲੀ ਯੋਗਪੀਠ ਤੋਂ 3 ਸਾਲ ਯੋਗ ਦੀ ਸਿੱਖਿਆ ਲਈ ਅਤੇ ਫਿਰ ਬਾਬਾ ਰਾਮਦੇਵ ਤੋਂ ਆਸ਼ੀਰਵਾਦ ਲੈ ਕੇ ਯੋਗ ਦੀ ਸਿੱਖਿਆ ਅਤੇ ਪ੍ਰਚਾਰ ਲਈ ਉੱਥੋਂ ਨਿਕਲੇ। ਰਵੀ 2015 ਵਿਚ ਚੀਨ ਚਲਾ ਗਿਆ, ਜਿੱਥੇ ਉਸ ਨੇ ਚੀਨੀ ਭਾਸ਼ਾ ਸਿੱਖੀ। ਰਵੀ ਦੀ ਮਿਹਨਤ ਰੰਗ ਲਿਆਈ ਅਤੇ ਉਸ ਤੋਂ ਯੋਗ ਸਿੱਖਣ ਵਾਲਿਆਂ ਦੀ ਗਿਣਤੀ ਵਧਦੀ ਗਈ। ਇਸ ਦੌਰਾਨ ਰਵੀ ਦੀ ਮੁਲਾਕਾਤ ਚੀਨ ਦੀ ਲੜਕੀ ਨਾਲ ਹੋਈ, ਜੋ ਕਿ ਯੋਗ ਵਿਚ ਮਾਹਿਰ ਸੀ। ਦੋਹਾਂ ਦਾ ਸੱਚਾ ਪਿਆਰ ਹੀ ਸੀ ਕਿ ਚੀਨ ਦੀ ਕੁੜੀ ਨੂੰ ਇੱਥੇ ਖਿੱਚ ਲਿਆਇਆ ਅਤੇ ਦੋਵੇਂ ਵਿਆਹ ਦੇ ਬੰਧਨ ਵਿਚ ਬੱਝ ਗਏ।
