ਹਿਮਾਚਲ : ਕੋਰੋਨਾ ਖ਼ਿਲਾਫ਼ ਜੰਗ ਜਿੱਤ ਚੁੱਕੇ ਭਾਜਪਾ ਵਿਧਾਇਕ ਨਰਿੰਦਰ ਬਰਾਗਟਾ ਦਾ ਅਚਾਨਕ ਦਿਹਾਂਤ
Saturday, Jun 05, 2021 - 10:52 AM (IST)
ਹਿਮਾਚਲ- ਹਿਮਾਚਲ ਪ੍ਰਦੇਸ਼ ਦੀ ਜੁੱਬਲ ਕੋਟਖਾਈ ਸੀਟ ਤੋਂ ਭਾਜਪਾ ਵਿਧਾਇਕ ਨਰਿੰਦਰ ਬਰਾਗਟਾ ਦਾ ਸ਼ਨੀਵਾਰ ਸਵੇਰੇ ਦਿਹਾਂਤ ਹੋ ਗਿਆ। ਉਹ 69 ਸਾਲ ਦੇ ਸਨ। ਕੁਝ ਦਿਨ ਪਹਿਲਾਂ ਹੀ ਉਹ ਕੋਰੋਨਾ ਤੋਂ ਠੀਕ ਹੋ ਕੇ ਘਰ ਪਰਤੇ ਸਨ। ਸੰਕਰਮਣ ਤੋਂ ਠੀਕ ਹੋਣ ਤੋਂ ਬਾਅਦ ਉਹ ਪੋਸਟ ਕੋਵਿਡ ਪਰੇਸ਼ਾਨੀਆਂ ਨਾਲ ਜੂਝ ਰਹੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਚੰਡੀਗੜ੍ਹ ਦੇ ਇਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਨੇ ਅੱਜ ਯਾਨੀ ਸ਼ਨੀਵਾਰ ਸਵੇਰੇ ਇਲਾਜ ਦੌਰਾਨ ਦਮ ਤੋੜ ਦਿੱਤਾ। ਉਨ੍ਹਾਂ ਦੇ ਪੁੱਤਰ ਚੇਤਨ ਸਿੰਘ ਬਰਾਗਟਾ ਨੇ ਫੇਸਬੁੱਕ 'ਤੇ ਪੋਸਟ ਕਰ ਕੇ ਉਨ੍ਹਾਂ ਦੇ ਦਿਹਾਂਤ ਦੀ ਜਾਣਕਾਰੀ ਦਿੱਤੀ ਹੈ। ਨਰਿੰਦਰ ਸਿੰਘ ਬਰਾਗਟਾ ਦੇ ਪੁੱਤਰ ਚੇਤਨ ਨੇ ਫੇਸਬੁੱਕ 'ਤੇ ਪੋਸਟ ਕਰ ਕੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਉਨ੍ਹਾਂ ਨੇ ਕੋਰੋਨਾ ਸੰਕਰਮਣ ਕਾਰਨ ਭੀੜ ਨਾ ਜੁਟਾਉਣ ਦੀ ਅਪੀਲ ਵੀ ਕੀਤੀ।
ਜਾਣੋ ਕੌਣ ਸਨ ਨਰਿੰਦਰ ਬਰਾਗਟਾ
ਹਿਮਾਚਲ ਵਿਧਾਨ ਸਭਾ ਦੀ ਵੈੱਬਸਾਈਟ 'ਤੇ ਮੌਜੂਦ ਜਾਣਕਾਰੀ ਅਨੁਸਾਰ, ਨਰਿੰਦਰ ਬਰਾਗਟਾ ਦਾ ਜਨਮ 15 ਸਤੰਬਰ 1952 ਨੂੰ ਸ਼ਿਮਲਾ 'ਚ ਹੋਇਆ ਸੀ। ਉਨ੍ਹਾਂ ਨੇ ਵਿਦਿਆਰਥੀ ਜੀਵਨ ਤੋਂ ਹੀ ਰਾਜਨੀਤੀ ਦੀ ਸ਼ੁਰੂਆਤ ਕੀਤੀ ਸੀ। ਉਹ 1978 ਤੋਂ 1982 ਤੱਕ ਜਨਤਾ ਯੂਥ ਮੋਰਚਾ ਦੇ ਪ੍ਰਧਾਨ ਵੀ ਰਹੇ ਹਨ। ਨਾਲ ਹੀ ਭਾਜਪਾ ਹਿਮਾਚਲ 'ਚ ਕਈ ਅਹਿਮ ਅਹੁਦਿਆਂ 'ਤੇ ਰਹੇ ਹਨ। ਨਰਿੰਦਰ ਬਰਾਗਟ 1998 'ਚ ਸ਼ਿਮਲਾ ਚੋਣ ਖੇਤਰ ਤੋਂ ਸੂਬਾ ਵਿਧਾਨ ਸਭਾ ਲਈ ਚੁਣੇ ਗਏ ਸਨ। ਦਸੰਬਰ 2007 'ਚ ਉਹ ਜੁੱਬਲ ਕੋਟਖਾਈ ਤੋਂ ਚੁਣੇ ਗਏ। ਉਹ 1998-2002 ਤੱਕ ਬਾਗਵਾਨੀ ਸੂਬਾ ਮੰਤਰੀ (ਆਜ਼ਾਦ ਚਾਰਜ) ਰਹੇ ਅਤੇ 30 ਦਸੰਬਰ 2007 ਤੋਂ ਦਸੰਬਰ 2012 ਤੱਕ ਬਾਗਵਾਨੀ, ਤਕਨੀਕੀ ਸਿੱਖਿਆ ਅਤੇ ਸਿਹਤ ਮੰਤਰੀ ਰਹੇ। ਹਿਮਾਚਲ ਪ੍ਰਦੇਸ਼ ਦੀ 13ਵੀਂ ਵਿਧਾਨ ਸਭਾ ਲਈ ਦਸੰਬਰ 2017 'ਚ ਉਹ ਜੁੱਬਲ-ਕੋਟਖਾਈ ਤੋਂ ਮੁੜ ਚੁਣੇ ਗਏ।