ਹਿਮਾਚਲ : ਕਾਂਗਰਸ ਦੇ ਬਾਗੀਆਂ ਨੂੰ ਟਿਕਟ ਦੇਣ ’ਤੇ ਭਾਜਪਾ ’ਚ ਮਚਿਆ ਘਮਾਸਾਨ

Wednesday, Mar 27, 2024 - 12:29 PM (IST)

ਹਿਮਾਚਲ : ਕਾਂਗਰਸ ਦੇ ਬਾਗੀਆਂ ਨੂੰ ਟਿਕਟ ਦੇਣ ’ਤੇ ਭਾਜਪਾ ’ਚ ਮਚਿਆ ਘਮਾਸਾਨ

ਸ਼ਿਮਲਾ- ਹਿਮਾਚਲ ਪ੍ਰਦੇਸ਼ ਵਿੱਚ ਭਾਜਪਾ ’ਚ ਸ਼ਾਮਲ ਹੋਏ ਕਾਂਗਰਸ ਦੇ 6 ਬਾਗੀ ਸਾਬਕਾ ਵਿਧਾਇਕਾਂ ਨੂੰ ਉਪ-ਚੋਣ ਦੀ ਟਿਕਟ ਦੇਣ ’ਤੇ ਭਗਵਾ ਪਾਰਟੀ ਅੰਦਰ ਘਮਾਸਾਨ ਸ਼ੁਰੂ ਹੋ ਗਿਆ ਹੈ। ਲਾਹੌਲ ਸਪਿਤੀ ’ਚ ਸਾਬਕਾ ਮੰਤਰੀ ਡਾ. ਰਾਮਲਾਲ ਮਾਰਕੰਡਾ ਨੇ ਬਗਾਵਤ ਦਾ ਐਲਾਨ ਕਰ ਕੇ ਕਿਸੇ ਵੀ ਪਾਰਟੀ ਦੀ ਟਿਕਟ ’ਤੇ ਉਪ-ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ, ਜਦੋਂਕਿ ਕੁਟਲੈਹੜ ’ਚ ਸਾਬਕਾ ਮੰਤਰੀ ਵੀਰੇਂਦਰ ਕੰਵਰ ਤੇ ਸਥਾਨਕ ਡਵੀਜ਼ਨ ਦੇ ਨੇਤਾਵਾਂ ਨੇ ਦੇਵੇਂਦਰ ਭੁੱਟੋ ਦੇ ਸਵਾਗਤ ਸਮਾਗਮ ਤੋਂ ਦੂਰੀ ਬਣਾ ਕੇ ਆਪਣੀ ਨਾਰਾਜ਼ਗੀ ਜ਼ਾਹਿਰ ਕਰ ਦਿੱਤੀ ਹੈ। ਗਗਰੇਟ ’ਚ ਭਾਜਪਾਈ ਚੈਤੰਨਿਆ ਠਾਕੁਰ ਦੀ ਐਂਟਰੀ ਨੂੰ ਪ੍ਰਵਾਨ ਕਰਨ ਲਈ ਤਿਆਰ ਨਹੀਂ ਹਨ।

ਉੱਧਰ ਨਾਲਾਗੜ੍ਹ ’ਚ ਆਜ਼ਾਦ ਵਿਧਾਇਕ ਕੇ. ਐੱਲ. ਠਾਕੁਰ ਦੀ ਭਾਜਪਾ ’ਚ ਵਾਪਸੀ ਖਿਲਾਫ ਸਾਬਕਾ ਵਿਧਾਇਕ ਲਖਵਿੰਦਰ ਰਾਣਾ ਦੇ ਸਮਰਥਕਾਂ ਨੇ ਸੂਬਾ ਪ੍ਰਧਾਨ ਰਾਜੀਵ ਬਿੰਦਲ ਸਾਹਮਣੇ ਡੱਟ ਕੇ ਭੜਾਸ ਕੱਢੀ। ਦੇਹਰਾ ’ਚ ਹੁਸ਼ਿਆਰ ਸਿੰਘ ਦੇ ਸਵਾਗਤ ਸਮਾਗਮ ਤੋਂ ਪਹਿਲਾਂ ਮੰਤਰੀ ਰਮੇਸ਼ ਧਵਾਲਾ ਦੂਰ ਰਹੇ।

ਰਾਮਲਾਲ ਮਾਰਕੰਡਾ ਦੇ ਬਗਾਵਤੀ ਤੇਵਰ, ਉਪ-ਚੋਣ ਲੜਨ ਦਾ ਕੀਤਾ ਐਲਾਨ

ਲਾਹੌਲ ਸਪਿਤੀ ਤੋਂ ਸਾਬਕਾ ਵਿਧਾਇਕ ਤੇ ਸਾਬਕਾ ਮੰਤਰੀ ਡਾ. ਰਾਮਲਾਲ ਮਾਰਕੰਡਾ ਨੇ ਪਾਰਟੀ ਖਿਲਾਫ ਬਗਾਵਤੀ ਤੇਵਰ ਅਪਣਾ ਲਏ ਹਨ। ਭਾਜਪਾ ਹਾਈਕਮਾਨ ਵੱਲੋਂ ਉਪ-ਚੋਣ ਵਿਚ ਕਾਂਗਰਸ ਦੇ ਬਾਗੀ ਸਾਬਕਾ ਵਿਧਾਇਕ ਰਵੀ ਠਾਕੁਰ ਨੂੰ ਟਿਕਟ ਦੇਣ ਦਾ ਐਲਾਨ ਹੁੰਦਿਆਂ ਹੀ ਉਨ੍ਹਾਂ ਹਰ ਹਾਲਤ ’ਚ ਉਪ-ਚੋਣ ਲੜਨ ਦਾ ਐਲਾਨ ਕਰ ਦਿੱਤਾ। ਭੜਕੇ ਡਾ. ਮਾਰਕੰਡਾ ਨੇ ਰਵੀ ਠਾਕੁਰ ’ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਉਹ ਕਿਸੇ ਵੀ ਹਾਲਤ ’ਚ ਭ੍ਰਿਸ਼ਟਾਚਾਰੀ ਨੂੰ ਬਰਦਾਸ਼ਤ ਨਹੀਂ ਕਰਨਗੇ ਅਤੇ ਨਾ ਹੀ ਅੱਗੇ ਵਧਣ ਦੇਣਗੇ, ਭਾਵੇਂ ਉਨ੍ਹਾਂ ਨੂੰ ਸਿਆਸਤ ਛੱਡਣੀ ਪਵੇ। ਉਨ੍ਹਾਂ ਕਿਹਾ ਕਿ ਉਹ ਲਾਹੌਲ ਦੇ ਭਵਿੱਖ ਨੂੰ ਬਰਬਾਦ ਨਹੀਂ ਹੋਣ ਦੇਣਗੇ। ਡਾ. ਮਾਰਕੰਡਾ ਨੇ ਦੱਸਿਆ ਕਿ ਉਹ ਜਲਦੀ ਹੀ ਪਾਰਟੀ ਤੋਂ ਅਸਤੀਫਾ ਦੇ ਦੇਣਗੇ। ਉਨ੍ਹਾਂ ਦੇ ਨਾਲ ਪੂਰੀ ਜ਼ਿਲਾ ਕਾਰਜਕਾਰਣੀ ਵੀ ਸਮੂਹਿਕ ਤੌਰ ’ਤੇ ਅਸਤੀਫੇ ਦੇਵੇਗੀ। ਡਾ. ਮਾਰਕੰਡਾ ਲਾਹੌਲ ਸਪਿਤੀ ਤੋਂ 3 ਵਾਰ ਵਿਧਾਇਕ ਅਤੇ 2 ਵਾਰ ਮੰਤਰੀ ਰਹੇ ਹਨ।

ਗਗਰੇਟ ’ਚ ਚੈਤੰਨਿਆ ਨੂੰ ਟਿਕਟ ਦੇਣ ’ਤੇ ਭੜਕੇ ਭਾਜਪਾਈ, ਕੀਤੀ ਨਾਅਰੇਬਾਜ਼ੀ

ਵਿਧਾਨ ਸਭਾ ਹਲਕਾ ਗਗਰੇਟ ’ਚ ਚੈਤੰਨਿਆ ਸ਼ਰਮਾ ਦੇ ਸਵਾਗਤ ਸਮਾਗਮ ਤੋਂ ਪਹਿਲਾਂ ਭਾਜਪਾ ਵਿਧਾਇਕ ਰਣਧੀਰ ਸ਼ਰਮਾ ਅਤੇ ਜ਼ਿਲਾ ਭਾਜਪਾ ਪ੍ਰਧਾਨ ਬਲਵੀਰ ਚੌਧਰੀ ਨੇ ਮੰਗਲਵਾਰ ਨੂੰ ਭਾਜਪਾ ਡਵੀਜ਼ਨ ਗਗਰੇਟ ਦੇ ਅਹੁਦੇਦਾਰਾਂ ਨਾਲ ਬੈਠਕ ਕਰ ਕੇ ਉਨ੍ਹਾਂ ਨੂੰ ਹਾਈਕਮਾਨ ਦੇ ਫੈਸਲੇ ਤੋਂ ਜਾਣੂ ਕਰਵਾਇਆ। ਇਸ ਦੌਰਾਨ ਮਾਹੌਲ ਕਾਫੀ ਤਣਾਅ ਭਰਿਆ ਹੋ ਗਿਆ। ਡਵੀਜ਼ਨ ਦੇ ਅਹੁਦੇਦਾਰਾਂ ਨੇ ਅਸਤੀਫੇ ਤਕ ਦੀ ਪੇਸ਼ਕਸ਼ ਕਰ ਦਿੱਤੀ। ਇਸੇ ਵਿਚਾਲੇ ਭਾਜਪਾ ਹਾਈਕਮਾਨ ਵੱਲੋਂ ਜਾਰੀ ਉਮੀਦਵਾਰਾਂ ਦੀ ਲਿਸਟ ਆ ਗਈ। ਚੈਤੰਨਿਆ ਨੂੰ ਟਿਕਟ ਦੇਣ ’ਤੇ ਮਾਹੌਲ ਇੰਨਾ ਤਣਾਅ ਭਰਿਆ ਹੋ ਗਿਆ ਕਿ ਕਈ ਅਹੁਦੇਦਾਰ ਨਾਅਰੇਬਾਜ਼ੀ ਕਰਨ ਲੱਗੇ। ਸਾਬਕਾ ਵਿਧਾਇਕ ਰਾਜੇਸ਼ ਠਾਕੁਰ ਨੇ ਉਨ੍ਹਾਂ ਨੂੰ ਸ਼ਾਂਤ ਕਰਵਾਇਆ। ਉੱਧਰ ਜ਼ਿਲਾ ਭਾਜਪਾ ਪ੍ਰਧਾਨ ਬਲਵੀਰ ਚੌਧਰੀ ਦਾ ਕਹਿਣਾ ਹੈ ਕਿ ਵਰਕਰਾਂ ਨੇ ਥੋੜ੍ਹੀ-ਬਹੁਤ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਜੋ ਸੁਭਾਵਕ ਹੈ। ਸਾਰੇ ਵਰਕਰ ਪਾਰਟੀ ਹਾਈਕਮਾਨ ਦੇ ਫੈਸਲੇ ਦਾ ਸਨਮਾਨ ਕਰਨਗੇ।

ਵਿਰੋਧ ਦੇ ਛੋਟੇ-ਮੋਟੇ ਮਾਮਲੇ ਹੱਲ ਕਰ ਲਵਾਂਗੇ : ਰਣਧੀਰ ਸ਼ਰਮਾ

ਭਾਜਪਾ ਦੇ ਸੂਬਾ ਮੀਡੀਆ ਇੰਚਾਰਜ ਤੇ ਸੀਨੀਅਰ ਵਿਧਾਇਕ ਰਣਧੀਰ ਸ਼ਰਮਾ ਨੇ ਕਿਹਾ ਕਿ ਭਾਜਪਾ ਇਕਜੁੱਟਤਾ ਨਾਲ ਚੋਣ ਲੜੇਗੀ। ਉਨ੍ਹਾਂ ਕਿਹਾ ਕਿ ਵਿਰੋਧ ਦੇ ਕੁਝ ਛੋਟੇ-ਮੋਟੇ ਮਾਮਲੇ ਸਾਹਮਣੇ ਆਉਣਗੇ ਤਾਂ ਉਨ੍ਹਾਂ ਨੂੰ ਹੱਲ ਕਰ ਲਿਆ ਜਾਵੇਗਾ।

ਅਸਤੀਫਿਆਂ ਦਾ ਦੌਰ ਸ਼ੁਰੂ

ਸਾਬਕਾ ਵਿਧਾਇਕ ਚੈਤੰਨਿਆ ਸ਼ਰਮਾ ਨੂੰ ਭਾਜਪਾ ਦਾ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਪੰਚਾਇਤ ਕਮੇਟੀ ਗਗਰੇਟ ਦੇ ਉਪ-ਪ੍ਰਧਾਨ ਤੇ ਜ਼ਿਲਾ ਭਾਜਪਾ ਯੁਵਾ ਮੋਰਚਾ ਦੇ ਸਹਿ-ਮੀਡੀਆ ਇੰਚਾਰਜ ਪ੍ਰਿੰਸ ਜਸਵਾਲ ਅਤੇ ਗ੍ਰਾਮ ਪੰਚਾਇਤ ਗੁਗਲੇਹੜ ਦੇ ਪ੍ਰਧਾਨ ਤੇ ਭਾਜਪਾ ਯੁਵਾ ਮੋਰਚਾ ਦੇ ਜ਼ਿਲਾ ਉਪ-ਪ੍ਰਧਾਨ ਉਪਨੀਸ਼ ਰਾਜਪੂਤ ਨੇ ਆਪੋ-ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ।


author

Rakesh

Content Editor

Related News