ਹਿਮਾਚਲ ਪ੍ਰਦੇਸ਼ : ਵਿਧਾਨ ਸਭਾ ਸਪੀਕਰ ਨੇ ਕਾਂਗਰਸ ਦੇ 6 ਵਿਧਾਇਕਾਂ ਦੀ ਮੈਂਬਰਸ਼ਿਪ ਕੀਤੀ ਰੱਦ
Thursday, Feb 29, 2024 - 01:27 PM (IST)
ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਸਪੀਕਰ ਕੁਲਦੀਪ ਸਿੰਘ ਪਠਾਨੀਆ ਨੇ ਵੀਰਵਾਰ ਨੂੰ 6 ਵਿਧਾਇਕਾਂ ਨੂੰ ਅਯੋਗ ਐਲਾਨ (ਮੈਂਬਰਸ਼ਿਪ ਰੱਦ) ਕਰ ਦਿੱਤਾ। ਵਿਧਾਇਕਾਂ ਨੇ ਸਦਨ 'ਚ ਵਿੱਤ ਬਿੱਲ 'ਤੇ ਸਰਕਾਰ ਦੇ ਪੱਖ 'ਚ ਵੋਟਿੰਗ ਕਰਨ ਦੇ ਪਾਰਟੀ ਵਹਿਪ ਦੀ ਉਲੰਘਣਾ ਕੀਤੀ ਸੀ। ਅਯੋਗ ਐਲਾਨ ਕੀਤੇ ਗਏ ਵਿਧਾਇਕਾਂ 'ਚ ਰਾਜੇਂਦਰ ਰਾਣਾ, ਸੁਧੀਰ ਸ਼ਰਮਾ, ਇੰਦਰਦੱਤ ਲਖਨਪਾਲ, ਦੇਵੇਂਦਰ ਕੁਮਾਰ ਭੁੱਟੋ, ਰਵੀ ਠਾਕੁਰ ਅਤੇ ਚੈਤਨਯ ਸ਼ਰਮਾ ਸ਼ਾਮਲ ਹਨ। ਪਠਾਨੀਆ ਨੇ ਬੁੱਧਵਾਰ ਨੂੰ ਵਿਧਾਇਕਾਂ ਦੀ ਅਯੋਗਤਾ 'ਤੇ ਆਪਣਾ ਫ਼ੈਸਲਾ ਸੁਰੱਖਿਅਤ ਕਰ ਲਿਆ ਸੀ।
ਉਨ੍ਹਾਂ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵਿਧਾਇਕਾਂ ਨੇ ਕਾਂਗਰਸ ਵਹਿਪ ਦੀ ਉਲੰਘਣਾ ਕੀਤੀ, ਜਿਸ ਕਾਰਨ ਉਨ੍ਹਾਂ 'ਤੇ ਦਲ ਬਦਲ ਵਿਰੋਧੀ ਕਾਨੂੰਨ ਲਾਗੂ ਹੁੰਦਾ ਹੈ, ਕਿਉਂਕਿ ਉਹ ਪਾਰਟੀ ਦੇ ਟਿਕਟ 'ਤੇ ਚੁਣੇ ਗਏ ਸਨ। ਵਿਧਾਨ ਸਭਾ ਸਪੀਕਰ ਨੇ ਕਿਹਾ,''ਇਹ 6 ਵਿਧਾਇਕ ਅਯੋਗ ਐਲਾਨ ਕੀਤੇ ਜਾਂਦੇ ਹਨ ਅਤੇ ਇਹ ਤੁਰੰਤ ਪ੍ਰਭਾਵ ਤੋਂ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਮੈਂਬਰ ਨਹੀਂ ਰਹਿਣਗੇ।'' ਇਨ੍ਹਾਂ ਵਿਧਾਇਕਾਂ ਨੇ ਮੰਗਲਵਾਰ ਨੂੰ ਰਾਜ ਸਭਾ ਚੋਣਾਂ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਉਮੀਦਵਾਰ ਹਰਸ਼ ਮਹਾਜਨ ਦੇ ਪੱਖ 'ਤੇ ਕ੍ਰਾਸ ਵੋਟਿੰਗ ਕੀਤੀ ਸੀ। ਪਠਾਨੀਆ ਵਲੋਂ 15 ਭਾਜਪਾ ਵਿਧਾਇਕਾਂ ਨੂੰ ਮੁਅੱਤਲ ਕਰਨ ਤੋਂ ਬਾਅਦ ਸਦਨ ਨੇ ਵਿੱਤ ਬਿੱਲ ਨੂੰ ਆਵਾਜ਼ੀ ਵੋਟ ਨਾਲ ਪਾਸ ਕਰ ਦਿੱਤਾ। ਇਸ ਤੋਂ ਬਾਅਦ ਵਿਧਾਨ ਸਭਾ ਸਪੀਕਰ ਨੇ ਸੈਸ਼ਨ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8