ਸ਼ਿਮਲਾ ’ਚ ਉਮੜੀ ਭਾਰੀ ਭੀੜ, PM ਮੋਦੀ ਦੀ ਅਪੀਲ ਦਾ ਵੀ ਨਹੀਂ ਹੋ ਰਿਹਾ ਸੈਲਾਨੀਆਂ ’ਤੇ ਅਸਰ
Sunday, Jul 18, 2021 - 11:46 AM (IST)
ਸ਼ਿਮਲਾ— ਦੇਸ਼ ’ਚ ਕੋਰੋਨਾ ਵਾਇਰਸ ਦੇ ਮਾਮਲਿਆਂ ’ਚ ਭਾਵੇਂ ਹੀ ਗਿਰਾਵਟ ਆ ਰਹੀ ਹੈ ਪਰ ਇਸ ਦਰਮਿਆਨ ਤੀਜੀ ਲਹਿਰ ਦਾ ਖ਼ਦਸ਼ਾ ਵੀ ਜ਼ਾਹਰ ਕੀਤਾ ਜਾ ਰਿਹਾ ਹੈ। ਸਰਕਾਰ ਵਲੋਂ ਲਗਾਤਾਰ ਲੋਕਾਂ ਨੂੰ ਸਾਵਧਾਨੀ ਵਰਤਣ ਅਤੇ ਸੈਰ-ਸਪਾਟੇ ਵਾਲੀਆਂ ਥਾਵਾਂ ’ਤੇ ਭੀੜ ਇਕੱਠੀ ਨਾ ਕਰਨ ਅਤੇ ਕੋਰੋਨਾ ਨਿਯਮਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ’ਚ ਬਜ਼ਾਰਾਂ ਅਤੇ ਪਹਾੜੀ ਇਲਾਕਿਆਂ ’ਤੇ ਬਿਨਾਂ ਮਾਸਕ ਲਾਏ ਘੁੰਮਦੀ ਭੀੜ ਨੂੰ ਲੈ ਕੇ ਚਿੰਤਾ ਜਤਾਈ ਸੀ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਚਿਤਾਵਨੀ ਦਿੱਤੀ ਸੀ ਪਰ ਲੋਕਾਂ ’ਤੇ ਇਸ ਦਾ ਕੋਈ ਅਸਰ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਸੀ ਕਿ ਭੀੜ ਚਿੰਤਾ ਦਾ ਵਿਸ਼ਾ ਹੈ। ਇਹ ਠੀਕ ਨਹੀਂ ਹੈ। ਕੋਰੋਨਾ ਲਹਿਰ ਆਉਣ ਤੋਂ ਕਿਵੇਂ ਰੋਕਿਆ ਜਾਵੇ, ਇਸ ’ਤੇ ਧਿਆਨ ਦੇਣਾ ਜ਼ਰੂਰੀ ਹੈ।
#WATCH | Himachal Pradesh: A large number of tourists was seen at Shimla's Ridge yesterday pic.twitter.com/zwvhk4d3C2
— ANI (@ANI) July 18, 2021
ਲਗਾਤਾਰ ਚਿਤਾਵਨੀਆਂ ਦੇ ਬਾਵਜੂਦ ਸ਼ਿਮਲਾ ਵਿਚ ਸੈਲਾਨੀਆਂ ਦੀ ਭਾਰੀ ਭੀੜ ਜੁੱਟ ਰਹੀ ਹੈ। ਤਾਜ਼ਾ ਤਸਵੀਰਾਂ ਸ਼ਿਮਲਾ ਦੇ ਰਿਜ ਇਲਾਕੇ ਦੀਆਂ ਹਨ। ਇਕ ਨਿਊਜ਼ ਏਜੰਸੀ ਮੁਤਾਬਕ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਦੇ ਰਿਜ ਇਲਾਕੇ ਵਿਚ ਸ਼ਨੀਵਾਰ ਨੂੰ ਵੱਡੀ ਗਿਣਤੀ ਵਿਚ ਸੈਲਾਨੀਆਂ ਦੀ ਭੀੜ ਉਮੜੀ।
ਲੋਕਾਂ ਦੀ ਵੱਧਦੀ ਭੀੜ ਦਰਮਿਆਨ ਸ਼ਿਮਲਾ ਦੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਿਮਲਾ ਦੇ ਰਿਜ ਅਤੇ ਮਾਲ ਰੋਡ ’ਚ ਸਿਰਫ ਸੀਮਤ ਗਿਣਤੀ ਵਿਚ ਹੀ ਸੈਲਾਨੀਆਂ ਅਤੇ ਲੋਕਾਂ ਦੀ ਐਂਟਰੀ ਦੀ ਆਗਿਆ ਹੋਵੇਗੀ। ਸਿਰਫ ਸੀਨੀਅਰ ਸਿਟੀਜ਼ਨ ਨੂੰ ਹੀ ਬੈਂਚ ’ਤੇ ਬੈਠਣ ਦੀ ਇਜਾਜ਼ਤ ਹੋਵੇਗੀ। ਜੇਕਰ ਇੱਥੇ ਵੱਡੀ ਗਿਣਤੀ ਵਿਚ ਲੋਕ ਹੋਏ ਤਾਂ ਉਨ੍ਹਾਂ ਨੂੰ ਭੀੜ ’ਚੋਂ ਬਾਹਰ ਨਿਕਲਣ ਦੀ ਬੇਨਤੀ ਕੀਤੀ ਜਾਵੇਗੀ।