ਬੇਮੌਸਮੀ ਮੀਂਹ ਤੇ ਬਰਫਬਾਰੀ ਨਾਲ ਹਿਮਾਚਲ ’ਚ ਸੇਬ ਦੀ ਫ਼ਸਲ ਨੂੰ ਨੁਕਸਾਨ
Friday, Apr 10, 2026 - 12:56 AM (IST)
ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਉੱਚੇ ਇਲਾਕਿਆਂ ’ਚ ਮੀਂਹ ਤੇ ਬਰਫਬਾਰੀ ਨਾਲ ਸੇਬ ਦੇ ਬਾਗਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਬਾਗੀ, ਰਤਨਾਰੀ, ਬਲਸਾਨ ਅਤੇ ਚੋਪਾਲ ਵਰਗੇ ਪ੍ਰਮੁੱਖ ਸੇਬ ਉਤਪਾਦਕ ਖੇਤਰਾਂ ’ਚ ਤਾਜ਼ਾ ਬਰਫਬਾਰੀ ਨਾਲ ਫ਼ਸਲ ਬਰਬਾਦ ਹੋ ਗਈ ਹੈ। ਬਾਗੀ ਦੇ ਇਕ ਸੇਬ ਕਾਸ਼ਤਕਾਰ ਨੇ ਦੱਸਿਆ ਕਿ ਬਰਫਬਾਰੀ ਕਾਰਨ ਐਂਟੀ-ਹੇਲ ਨੈੱਟ (ਗੜੇ ਰੋਕਣ ਵਾਲੇ ਜਾਲ) ’ਤੇ 3 ਤੋਂ 4 ਇੰਚ ਤੱਕ ਬਰਫ ਜਮ੍ਹਾ ਹੋ ਗਈ, ਜਿਸ ਨਾਲ ਵਜ਼ਨ ਇੰਨਾ ਜ਼ਿਆਦਾ ਹੋ ਗਿਆ ਕਿ ਵਾਂਸਾਂ ਦੇ ਸਹਾਰੇ ਵੀ ਟੁੱਟ ਗਏ ਅਤੇ ਕਈ ਬੂਟੇ ਵੀ ਖ਼ਰਾਬ ਹੋ ਗਏ ਹਨ।
ਰਤਨਾਰੀ ਦੇ ਸੇਬ ਕਾਸ਼ਤਕਾਰ ਸਤਪਾਲ ਚੌਹਾਨ ਨੇ ਕਿਹਾ ਕਿ ਬਰਫਬਾਰੀ ਸਿਰਫ਼ ਬੂਟਿਆਂ ਨੂੰ ਨੁਕਸਾਨ ਨਹੀਂ ਪਹੁੰਚਾ ਰਹੀ ਹੈ, ਸਗੋਂ ਇਸ ਸਾਲ ਦੀ ਫ਼ਸਲ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰੇਗੀ। ਠੰਡ ਨਾਲ ਗੁਲਾਬੀ ਕਲੀਆਂ ਅਤੇ ਫੁੱਲ ਖ਼ਰਾਬ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਕਾਸ਼ਤਕਾਰਾਂ ਨੂੰ ਭਾਰੀ ਆਰਥਿਕ ਨੁਕਸਾਨ ਉਠਾਉਣਾ ਪੈ ਸਕਦਾ ਹੈ।
ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ’ਚ ਸ਼ਿਮਲਾ ਸਮੇਤ ਹਿਮਾਚਲ ਦੇ ਉੱਚੇ ਇਲਾਕਿਆਂ ’ਚ ਗੜੇ ਵੀ ਪਏ ਹਨ, ਜਿਸ ਨਾਲ ਪਹਿਲਾਂ ਹੀ ਕਾਫ਼ੀ ਨੁਕਸਾਨ ਹੋ ਚੁੱਕਾ ਹੈ। ਹੁਣ ਇਸ ਨਵੀਂ ਬਰਫਬਾਰੀ ਨਾਲ ਸਥਿਤੀ ਹੋਰ ਖ਼ਰਾਬ ਹੋ ਗਈ ਹੈ।
