ਹਿਮਾਚਲ: 104 ਬੈੱਡਾਂ ਦਾ ਕੋਵਿਡ ਹਸਪਤਾਲ ਬਣ ਕੇ ਤਿਆਰ, ਮੁੱਖ ਮੰਤਰੀ ਨੇ ਕੀਤਾ ਉਦਘਾਟਨ
Thursday, Jun 03, 2021 - 06:04 PM (IST)
ਮੰਡੀ— ਲੰਬੀ ਉਡੀਕ ਤੋਂ ਬਾਅਦ ਅੱਜ ਯਾਨੀ ਕਿ ਵੀਰਵਾਰ ਨੂੰ ਮੰਡੀ ਦੇ ਨੇਰਚੌਕ ਮੈਡੀਕਲ ਕਾਲਜ ਨਾਲ ਬਣ ਰਿਹਾ ਮੇਕ ਸ਼ਿਫਟ ਕੋਵਿਡ ਹਸਪਤਾਲ ਬਣ ਕੇ ਤਿਆਰ ਹੋ ਗਿਆ। ਮੁੱਖ ਮੰਤਰੀ ਜੈਰਾਮ ਠਾਕੁਰ ਨੇ ਇਸ ਦਾ ਸ਼ੁੱਭ ਆਰੰਭ ਕੀਤਾ। 7 ਕਰੋੜ ਦੀ ਲਾਗਤ ਨਾਲ ਬਣ ਕੇ ਤਿਆਰ ਹੋਏ ਇਸ ਮੇਕ ਸ਼ਿਫਟ ਹਸਪਤਾਲ ’ਚ 104 ਬੈੱਡਾਂ ਦੀ ਸਹੂਲਤ ਹੈ ਅਤੇ ਇੱਥੇ ਕੋਰੋਨਾ ਪੀੜਤਾਂ ਲਈ ਵੈਂਟੀਲੇਟਰ ਸਮੇਤ ਆਪਰੇਸ਼ਨ ਥੀਏਟਰ ਦੀ ਵੀ ਸਹੂਲਤ ਦਿੱਤੀ ਗਈ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਜਦੋਂ ਕੋਵਿਡ ਖ਼ਤਮ ਹੋ ਜਾਵੇਗ ਤਾਂ ਉਸ ਤੋਂ ਬਾਅਦ ਸੁਪਰ ਸਪੈਸ਼ਲਿਸਟੀ ਹਸਪਤਾਲ ਦੇ ਰੂਪ ਵਿਚ ਇਸਤੇਮਾਲ ਕੀਤਾ ਜਾਵੇਗਾ, ਕਿਉਂਕਿ ਇੱਥੇ ਆਧੁਨਿਕ ਸਹੂਲਤਾਂ ਦਿੱਤੀਆਂ ਗਈਆਂ ਹਨ।
ਜੈਰਾਮ ਨੇ ਦੱਸਿਆ ਕਿ ਪ੍ਰਦੇਸ਼ ਵਿਚ ਹੁਣ ਕੋਰੋਨਾ ਦੇ ਮਾਮਲਿਆਂ ’ਚ ਕਾਫੀ ਜ਼ਿਆਦਾ ਕਮੀ ਆਈ ਹੈ ਅਤੇ ਮੌਤ ਦਰ ਵੀ ਘੱਟ ਹੋ ਰਹੀ ਹੈ। ਪ੍ਰਦੇਸ਼ ਵਿਚ ਕੋਰੋਨਾ ਪੀੜਤਾਂ ਲਈ ਪਹਿਲਾਂ 1200 ਬੈੱਡਾਂ ਦੀ ਵਿਵਸਥਾ ਸੀ, ਜਿਸ ਨੂੰ ਹੁਣ ਵਧਾ ਕੇ 5 ਹਜ਼ਾਰ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਤੀਜੀ ਲਹਿਰ ਵੀ ਆਉਂਦੀ ਹੈ ਤਾਂ ਉਸ ਨਾਲ ਨਜਿੱਠਣ ਲਈ ਇਨ੍ਹਾਂ ਸਾਰੀਆਂ ਸਹੂਲਤਾਂ ਦਾ ਇਸਤੇਮਾਲ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਥਾਂ-ਥਾਂ ਕੋਵਿਡ ਹਸਪਤਾਲ ਬਣਾਉਣ ਤੋਂ ਬਾਅਦ ਹੁਣ ਉੱਥੇ ਹੌਲੀ-ਹੌਲੀ ਸਹੂਲਤਾਂ ਵਧਾਈ ਜਾ ਰਹੀਆਂ ਹਨ। ਉਸ ਦੇ ਤਹਿਤ ਹੁਣ ਬਾਕੀ ਹਸਪਤਾਲਾਂ ਨੂੰ ਆਮ ਮਰੀਜ਼ਾਂ ਲਈ ਸੁਚਾਰੂ ਕੀਤਾ ਜਾ ਰਿਹਾ ਹੈ।