16.38 ਕਰੋੜ ਰੁਪਏ ਦੀ ਲਾਗਤ ਨਾਲ ਬਣ ਕੇ ਤਿਆਰ ਹੋਇਆ ਹਿਮਾਚਲ ਦਾ ਪਹਿਲਾ ਬਹੁ ਉਦੇਸ਼ੀ ਬੰਨ੍ਹ

03/07/2022 12:35:09 PM

ਸ਼ਿਮਲਾ (ਵਾਰਤਾ)- ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹਾ ਦੇ ਪਹਾੜੀ ਅਤੇ ਪਥਰੀਲੇ ਖੇਤਰਾਂ 'ਚ ਪਾਣੀ ਦੀ ਘਾਟ ਦੇ ਸਥਾਈ ਹੱਲ ਲਈ ਸੂਬੇ ਦਾ ਪਹਿਲਾ ਬਹੁ ਉਦੇਸ਼ੀ ਬੰਨ੍ਹ ਬਣ ਕੇ ਤਿਆਰ ਹੈ। ਪ੍ਰਦੇਸ਼ ਦੇ ਗ੍ਰਾਮੀਣ ਵਿਕਾਸ ਮੰਤਰੀ ਵੀਰੇਂਦਰ ਕੰਵਰ ਨੇ ਅੱਜ ਯਾਨੀ ਸੋਮਵਾਰ ਨੂੰ ਦੱਸਿਆ ਕਿ ਬੰਨ੍ਹ ਨੂੰ ਜਲ ਸ਼ਕਤੀ ਵਿਭਾਗ ਨੇ ਮੀਂਹ ਦੇ ਪਾਣੀ ਨੂੰ ਇਕੱਠਾ ਕਰ ਕੇ ਬਣਾਇਆ ਹੈ, ਜਿਸ ਦਾ ਉਦਘਾਟਨ ਇਸੇ ਮਹੀਨੇ ਮੁੱਖ ਮੰਤਰੀ ਜੈਰਾਮ ਠਾਕੁਰ ਕਰਨਗੇ। ਕੰਵਰ ਨੇ ਦੱਸਿਆ ਕਿ ਕੁਟਲੇਹੜ ਖੇਤਰ ਦੇ ਪਥਰੀਲੇ-ਪਹਾੜੀ ਪਿੰਡਾਂ 'ਚ ਮੀਂਹ ਦਾ ਪਾਣੀ ਜਮ੍ਹਾ ਕਰਨ ਦੇ ਉਦੇਸ਼ ਨਾਲ ਸਮੂਰ ਖੱਡ 'ਚ 10 ਕਿਲੋਮੀਟਰ ਲੰਬੇ ਕੈਚਮੈਂਟ ਖੇਤਰ 'ਚ 16.38 ਕਰੋੜ ਰੁਪਏ ਦੀ ਲਾਗਤ ਨਾਲ ਬੰਨ੍ਹ ਬਣਾਇਆ ਗਿਆ ਹੈ ਤਾਂ ਕਿ ਪਾਣੀ ਖ਼ੁਦ ਖੱਡ 'ਚ ਨਾ ਮਿਲ ਸਕੇ ਅਤੇ ਇਸ ਬੰਨ੍ਹ ਦੇ ਮਾਧਿਅਮ ਨਾਲ ਇਸ ਪਾਣੀ ਨੂੰ ਪਿੰਡਾਂ ਲਈ ਉਪਯੋਗ ਕੀਤਾ ਜਾ ਸਕੇ।

ਇਹ ਵੀ ਪੜ੍ਹੋ : ਯੂਕ੍ਰੇਨ ਸੰਕਟ : ਸੋਮਵਾਰ ਨੂੰ 1500 ਤੋਂ ਵਧ ਭਾਰਤੀ 8 ਉਡਾਣਾਂ ਰਾਹੀਂ ਪਰਤਣਗੇ ਦੇਸ਼

ਉਨ੍ਹਾਂ ਦੱਸਿਆ ਕਿ ਬੰਨ੍ਹ 'ਚ 76.6 ਕਰੋੜ ਲੀਟਰ ਮੀਂਹ ਦੇ ਪਾਣੀ ਦਾ ਇਕੱਠਾ ਕੀਤਾ ਜਾ ਸਕੇਗਾ, ਜਿਸ ਦਾ ਸਿੱਧਾ ਲਾਭ ਖੇਤਰ ਦੇ ਵਾਸੀਆਂ ਨੂੰ ਹੋਵੇਗਾ, ਜੋ ਕਿ ਕਠਿਨ ਭੂਗੋਲਿਕ ਸਥਿਤੀਆਂ 'ਚ ਜੀਵਨ ਬਿਤਾ ਰਹੇ ਹਨ ਅਤੇ ਉਨ੍ਹਾਂ ਨੂੰ ਗਰਮੀਆਂ ਦੇ ਮੌਸਮ 'ਚ ਪੀਣ ਵਾਲੇ ਪਾਣੀ ਤੱਕ ਦੀ ਜ਼ਿਆਦਾ ਪਰੇਸ਼ਾਨੀ ਝੱਲਣੀ ਪੈਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਪਹਾੜੀ ਪਥਰੀਲੇ ਪਿੰਡਾਂ ਦੀ 233 ਹੈਕਟੇਅਰ ਫ਼ਸਲ ਨੂੰ ਸਾਲ ਭਰ ਪੂਰੀ ਸਿੰਚਾਈ ਦੀ ਸਹੂਲਤ ਪ੍ਰਦਾਨ ਕੀਤੀ ਜਾ ਸਕੇਗੀ, ਜੋ ਕਿ ਇਸ ਸਮੇਂ ਗਰਮੀਆਂ 'ਚ ਸੋਕੇ ਦੀ ਮਾਰ ਝੱਲਦੇ ਹਨ। ਕੰਵਰ ਨੇ ਦੱਸਿਆ ਕਿ ਪੂਰੇ ਖੇਤਰ ਨੂੰ ਇਸ ਬੰਨ੍ਹ ਦੇ ਕੈਚਮੈਂਟ ਖੇਤਰ ਦੇ ਰੂਪ 'ਚ ਉਪਯੋਗ ਕੀਤਾ ਜਾ ਰਿਹਾ ਹੈ ਅਤੇ ਇਸ ਨਾਲ ਸਮੂਰ ਕਲਾਂ, ਸਮੂਰ ਖੱਡ, ਖੁਦਰ, ਲਮ ਲੈਹੜੀ, ਵਾਊਲ ਉਪਰਲੀ, ਵਾਂਲ ਝੀਕਲੀ, ਕਰਵਲਾਈਨ ਸਰਾਹਲ, ਪਰਨੋਲੀਆਂ ਸਨਹਾਲ, ਮਨੋਨੀਆਂ ਸਨਹਾਲ ਅਤੇ ਬਹਲ ਪਿੰਡਾਂ 'ਚ ਪਾਣੀ ਦੀ ਸਮੱਸਿਆ ਖ਼ਤਮ ਕਰਨ ਅਤੇ ਗਰਾਊਂਡ ਵਾਟਰ ਨੂੰ ਰਿਚਾਰਜ ਕਰਨ 'ਚ ਮਦਦ ਮਿਲੇਗੀ। ਉਨ੍ਹਾਂ ਦੱਸਿਆ ਕਿ ਖੇਤਰ ਦੇ ਸੁੱਕੇ ਪਏ 44 ਹੈਂਡ ਪੰਪ ਅਤੇ 31 ਖੂਹਾਂ ਨੂੰ ਰਿਚਾਰਜ ਕਰਨ 'ਚ ਵੀ ਮਦਦ ਮਿਲੇਗੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News