ਹਿਮਾਚਲ: ਬੱਸ ਕਿਰਾਇਆ 'ਚ ਵਾਧਾ, ਸੰਸਦ ਮੈਂਬਰ-ਵਿਧਾਇਕ ਨਹੀਂ ਕਰ ਸਕਣਗੇ ਮੁਫ਼ਤ ਯਾਤਰਾ
Monday, Jul 20, 2020 - 06:42 PM (IST)
ਸ਼ਿਮਲਾ (ਵਾਰਤਾ)— ਕੋਰੋਨਾ ਮਹਾਮਾਰੀ ਕਾਰਨ ਆਰਥਿਕ ਤੰਗੀ ਝੱਲ ਰਹੀ ਹਿਮਾਚਲ ਪ੍ਰਦੇਸ਼ ਦੀ ਜਨਤਾ 'ਤੇ ਸੂਬਾ ਸਰਕਾਰ ਨੇ ਬੱਸ ਕਿਰਾਏ 'ਚ 25 ਫੀਸਦੀ ਦਾ ਵਾਧਾ ਕਰ ਕੇ ਇਕ ਹੋਰ ਵੱਡਾ ਬੋਝ ਪਾ ਦਿੱਤਾ ਹੈ। ਮੁੱਖ ਮੰਤਰੀ ਜੈਰਾਮ ਠਾਕੁਰ ਦੀ ਪ੍ਰਧਾਨਗੀ 'ਚ ਅੱਜ ਯਾਨੀ ਕਿ ਸੋਮਵਾਰ ਨੂੰ ਹੋਈ ਕੈਬਨਿਟ ਦੀ ਬੈਠਕ ਵਿਚ ਬੱਸ ਕਿਰਾਏ 'ਚ 25 ਫੀਸਦੀ ਵਾਧਾ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ।
ਬੈਠਕ ਵਿਚ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਹਿਮਾਚਲ ਪ੍ਰਦੇਸ਼ ਪੱਥ ਟਰਾਂਸਪੋਰਟ ਨਿਗਮ ਦੀਆਂ ਬੱਸਾਂ ਵਿਚ ਪ੍ਰਦੇਸ਼ ਦੇ ਅੰਦਰ ਅਤੇ ਪ੍ਰਦੇਸ਼ ਦੇ ਬਾਹਰ ਮਿਲ ਰਹੀ ਮੁਫ਼ਤ ਯਾਤਰਾ ਦੀ ਸਹੂਲਤ ਵਾਪਸਲੈਣ 'ਤੇ ਵੀ ਸਹਿਮਤੀ ਬਣੀ ਪਰ ਸਾਬਕਾ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਲਈ ਇਹ ਸਹੂਲਤ ਜਾਰੀ ਰਹੇਗੀ। ਕੈਬਨਿਟ ਨੇ ਰਾਸ਼ਟਰੀ ਐਂਬੂਲੈਂਸ ਸੇਵਾ-108 ਤਹਿਤ ਉਨ੍ਹਾਂ 38 ਐਂਬੂਲੈਂਸ ਨੂੰ ਬਦਲਣ ਦੀ ਮਨਜ਼ੂਰੀ ਪ੍ਰਦਾਨ ਕੀਤੀ ਗਈ, ਜੋ ਹੁਣ ਪੁਰਾਣੀਅਾਂ ਹੋ ਚੁੱਕੀਅਾਂ ਹਨ। ਇਹ ਫੈਸਲਾ ਪ੍ਰਦੇਸ਼ 'ਚ ਸਿਹਤ ਪ੍ਰਣਾਲੀ ਵਿਚ 108 ਐਂਬੂਲੈਂਸ ਦੀ ਮਹੱਤਵਪੂਰਨ ਭੂਮਿਕਾ ਨੂੰ ਧਿਆਨ 'ਚ ਰੱਖ ਲਿਆ ਗਿਆ ਹੈ।