ਭਾਜਪਾ ਦੇ 8 ਅਤੇ ਕਾਂਗਰਸੀ ਆਗੂਆਂ ਦੇ 12 ਪਰਿਵਾਰਕ ਮੈਂਬਰ ਚੋਣ ਮੈਦਾਨ ’ਚ

Friday, Oct 28, 2022 - 02:54 PM (IST)

ਧਰਮਸ਼ਾਲਾ (ਤਨੁਜ ਸੈਣੀ)– ਹਿਮਾਚਲ ਵਿਧਾਨ ਸਭਾ ਚੋਣਾਂ ’ਚ 68 ਸਰਕਲਾਂ ਦੇ ਵਿਧਾਨ ਸਭਾ ਹਲਕਿਆਂ ’ਚ ਸਿਆਸੀ ਘਰਾਣਿਆਂ ਦੇ 20 ਉਮੀਦਵਾਰਾਂ ਨੂੰ ਭਾਜਪਾ ਅਤੇ ਕਾਂਗਰਸ ਨੇ ਟਿਕਟਾਂ ਦਿੱਤੀਆਂ ਹਨ। ਇਸ ਵਾਰ ਕਾਂਗਰਸ ਦੇ 12 ਉਮੀਦਵਾਰ ਅਤੇ ਭਾਜਪਾ ਦੇ 8 ਉਮੀਦਵਾਰ ਪੁੱਤਰ-ਧੀਆਂ ਹਨ।

ਇਸ ’ਚੋਂ ਜ਼ਿਲਾ ਕਾਂਗੜਾ ’ਚ ਸਿਰਫ਼ 5 ਸੀਟਾਂ ’ਤੇ ਹੀ ਆਗੂਆਂ ਦੇ ਪੁੱਤਰ ਹੀ ਚੋਣ ਮੈਦਾਨ ’ਚ ਉਤਰੇ ਹਨ। ਇੰਨਾ ਹੀ ਨਹੀਂ ਇਸ ਵਾਰ ਨੇਤਾਵਾਂ ਦੀਆਂ ਪਤਨੀਆਂ ਨੂੰ ਵੀ ਟਿਕਟਾਂ ਮਿਲੀਆਂ ਹਨ। ਸੂਬੇ ਦੇ ਸ਼ਿਮਲਾ ਵਿਧਾਨ ਸਭਾ ਹਲਕੇ ਦੀ ਸ਼ਿਮਲਾ ਦਿਹਾਤੀ ਸੀਟ ਤੋਂ ਵਿਕਰਮਾਦਿੱਤਿਆ ਸਿੰਘ ਦੂਜੀ ਵਾਰ ਕਾਂਗਰਸ ਦੀ ਟਿਕਟ ’ਤੇ ਚੋਣ ਲੜਨਗੇ। ਇਸ ਦੇ ਨਾਲ ਹੀ ਜੁਬਲ ਕੋਟਖਾਈ ਸੀਟ ’ਤੇ ਦੂਜੀ ਭਾਜਪਾ ਦੇ ਚੇਤਨ ਬਰਾਗਟਾ , ਜਦਕਿ ਕਾਂਗਰਸ ਤੋਂ ਹੀ ਇਸੇ ਸੀਟ ’ਤੇ ਰੋਹਿਤ ਠਾਕੁਰ ਨੂੰ ਟਿਕਟ ਦਿੱਤੀ ਗਈ ਹੈ। ਇਸ ਦੇ ਨਾਲ ਹੀ ਕਾਂਗਰਸ ਨੇ ਕਾਂਗੜਾ ਦੀ ਧਰਮਸ਼ਾਲਾ ਹਲਕੇ ਤੋਂ ਸੁਧੀਰ ਸ਼ਰਮਾ, ਪਾਲਮਪੁਰ ਤੋਂ ਆਸ਼ੀਸ਼ ਬੁਟੇਲ, ਫਤਿਹਪੁਰ ਤੋਂ ਭਵਾਨੀ ਸਿੰਘ ਪਠਾਨੀਆ ਅਤੇ ਨੂਰਪੁਰ ਤੋਂ ਅਜੈ ਮਹਾਜਨ ਨੂੰ ਟਿਕਟ ਦਿੱਤੀ ਹੈ।

ਕਾਂਗੜਾ ਜ਼ਿਲੇ ਦੀ ਨਗਰੋਟਾ ਬਗਵਾਨ ਸੀਟ ’ਤੇ ਸਾਬਕਾ ਮੰਤਰੀ ਸਵ. ਜੀ. ਐੱਸ ਬਾਲੀ ਦਾ ਬੇਟਾ ਪਹਿਲੀ ਵਾਰ ਕਾਂਗਰਸ ਦੀ ਟਿਕਟ ’ਤੇ ਚੋਣ ਲੜੇਗਾ। ਹਮੀਰਪੁਰ ਜ਼ਿਲੇ ’ਚ ਭੌਰੰਜ ਵਿਧਾਨ ਸਭਾ ਹਲਕੇ ਤੋਂ ਅਨਿਲ ਧੀਮਾਨ, ਮਾਇਆ ਸ਼ਰਮਾ ਨੂੰ ਬਰਸਰ ਤੋਂ ਅਤੇ ਹਮੀਰਪੁਰ ਸੀਟ ’ਤੇ ਨਰਿੰਦਰ ਠਾਕੁਰ ਨੂੰ ਚੋਣ ਲੜਨ ਨੂੰ ਟਿਕਟਾਂ ਦਿੱਤੀਆਂ ਹਨ। ਭਾਜਪਾ ਦੇ ਗੋਕਸ਼ਵਦ ਠਾਕੁਰ ਕੁੱਲੂ ਦੀ ਮਨਾਲੀ ਸੀਟ ਤੋਂ ਚੋਣ ਲੜ ਰਹੇ ਹਨ, ਜਦਕਿ ਕਾਂਗਰਸ ਦੇ ਰਵੀ ਠਾਕੁਰ ਲਾਹੌਲ ਸੀਟ ਤੋਂ ਚੋਣ ਮੈਦਾਨ ’ਚ ਹਨ। ਸਿਰਮੌਰ ਜ਼ਿਲੇ ਦੇ ਰੇਣੂਕਾ ਖੇਤਰ ਤੋਂ ਕਾਂਗਰਸ ਦੇ ਵਿਨੇ ਕੁਮਾਰ ਜਦਕਿ ਸ਼ਿਲਈ ਹਲਕੇ ਤੋਂ ਕਾਂਗਰਸ ਦੇ ਹਰਸ਼ਵਰਧਨ ਸਿੰਘ ਚੌਹਾਨ ਨੂੰ ਉਮੀਦਵਾਰ ਬਣਾਇਆ ਗਿਆ ਹੈ। ਸੋਲਨ ਜ਼ਿਲੇ ਦੇ ਕਸੌਲੀ ਵਿਧਾਨ ਸਭਾ ਹਲਕੇ ਤੋਂ ਵਿਨੋਦ ਸੁਲਤਾਨਪੁਰੀ ਅਤੇ ਦੂਨ ਤੋਂ ਰਾਮਕੁਮਾਰ ਚੌਧਰੀ ਕਾਂਗਰਸ ਦੇ ਉਮੀਦਵਾਰ ਹਨ। ਮੰਡੀ ਜ਼ਿਲੇ ਦੇ ਧਰਮਪੁਰ ਖੇਤਰ ’ਚ ਇਸ ਵਾਰ ਭਾਜਪਾ ਨੇ ਮੰਤਰੀ ਮਹਿੰਦਰ ਠਾਕੁਰ ਦੀ ਜਗ੍ਹਾ ਉਨ੍ਹਾਂ ਦੇ ਪੁੱਤਰ ਰਜਤ ਠਾਕੁਰ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ।

ਡਰੰਗ ਅਤੇ ਮੰਡੀ ’ਚ ਪਿਓ-ਧੀ ਨੂੰ ਟਿਕਟ
ਮੰਡੀ ਜ਼ਿਲਾ ’ਚ ਡਰੰਗ ਅਤੇ ਮੰਡੀ ਸਦਰ ਤੋਂ ਪਿਓ-ਧੀ ਦੋਵੇਂ ਮੈਦਾਨ ’ਚ ਹਨ। ਕਾਂਗਰਸ ਨੇ ਸੀਨੀਅਰ ਆਗੂ ਕੌਲ ਸਿੰਘ ਨੂੰ ਉਮੀਦਵਾਰ ਬਣਾਇਆ ਹੈ, ਤਾਂ ਮੰਡੀ ਸਦਰ ਤੋਂ ਉਨ੍ਹਾਂ ਦੀ ਧੀ ਚੰਪਾ ਠਾਕੁਰ ਕਾਂਗਰਸ ਦੀ ਟਿਕਟ ’ਤੇ ਚੋਣ ਮੈਦਾਨ ’ਚ ਹਨ।

ਚੰਬੇ ’ਚ ਪਤੀ ਦੀ ਟਿਕਟ ਕੱਟ ਕੇ ਪਤਨੀ ਨੂੰ ਦਿੱਤੀ
ਇਸ ਵਾਰ ਚੰਬਾ ਸਦਰ ਤੋਂ ਸਾਬਕਾ ਵਿਧਾਇਕ ਪਵਨ ਨਈਅਰ ਦੀ ਬਜਾਏ ਉਨ੍ਹਾਂ ਦੀ ਪਤਨੀ ਨੀਲਮ ਨਈਅਰ ਨੂੰ ਭਾਜਪਾ ਨੇ ਟਿਕਟ ਦਿੱਤੀ ਹੈ। ਭਾਜਪਾ ਨੇ ਚੰਬਾ ਸਦਰ ਤੋਂ ਪਹਿਲਾਂ ਇੰਦਰਾ ਕਪੂਰ ਨੂੰ ਟਿਕਟ ਦਿੱਤੀ ਸੀ ਪਰ ਦੋ ਦਿਨ ਬਾਅਦ ਉਨ੍ਹਾਂ ਨੇ ਵਿਧਾਇਕ ਪਵਨ ਨਈਅਰ ਦੀ ਪਤਨੀ ਨੀਲਮ ਨਈਅਰ ਨੂੰ ਟਿਕਟ ਦੇ ਦਿੱਤੀ।

ਸੋਲਨ ’ਚ ਸਹੁਰੇ ਤੇ ਜਵਾਈ ਵਿਚਾਲੇ ਮੁਕਾਬਲਾ
ਵਿਧਾਨ ਸਭਾ ਚੋਣਾਂ ਸੋਲਨ ਵਿਧਾਨ ਸਭਾ ਹਲਕੇ ’ਚ ਦੂਜੀ ਵਾਰ ਸਹੁਰਾ ਤੇ ਜਵਾਈ ਆਹਮੋ-ਸਾਹਮਣੇ ਹੋਣਗੇ। ਕਾਂਗਰਸ ਨੇ ਧਨੀਰਾਮ ਸ਼ਾਂਡਿਲ, ਜਦਕਿ ਭਾਜਪਾ ਨੇ ਰਾਜੇਸ਼ ਕਸ਼ਯਪ ਨੂੰ ਟਿਕਟ ਦਿੱਤੀ ਹੈ।


Rakesh

Content Editor

Related News