ਹਿਮਾਚਲ 'ਚ ਵੱਡੀ ਲਾਪਰਵਾਹੀ, ਕੋਰੋਨਾ ਰਿਪੋਰਟ ਆਉਣ ਤੋਂ ਪਹਿਲਾਂ 15 ਲੋਕਾਂ ਨੂੰ ਭੇਜਿਆ ਘਰ

05/28/2020 4:49:46 PM

ਹਮੀਰਪੁਰ-ਹਿਮਾਚਲ ਪ੍ਰਦੇਸ਼ 'ਚ ਕੋਰੋਨਾ ਪੀੜਤਾਂ ਨੂੰ ਲੈ ਕੇ ਹੋਈ ਲਾਪਰਵਾਹੀ ਦਾ ਅੱਜ ਖੁਲਾਸਾ ਹੋਇਆ ਹੈ। ਦਰਅਸਲ ਇੱਥੇ ਹਮੀਰਪੁਰ ਜ਼ਿਲੇ 'ਚ ਆਈਸੋਲੇਟ ਸੈਂਟਰਾਂ ਤੋਂ ਕੋਰੋਨਾ ਦੇ 15 ਲੋਕਾਂ ਦੀ ਰਿਪੋਰਟ ਨੈਗੇਟਿਵ ਦੱਸ ਕੇ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ, ਜਦਕਿ ਉਨ੍ਹਾਂ ਦੀ ਦੂਜੀ ਜਾਂਚ ਰਿਪੋਰਟ ਹੁਣ ਤੱਕ ਨਹੀਂ ਆਈ ਸੀ। ਇਸ ਤੋਂ ਬਾਅਦ ਜਦੋਂ ਉਨ੍ਹਾਂ ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਤਾਂ ਪ੍ਰਸ਼ਾਸਨ ਲਈ ਇਕ ਨਵੀਂ ਸਮੱਸਿਆ ਖੜ੍ਹੀ ਹੋ ਗਈ। ਹੁਣ ਸਾਰੇ ਕੋਰੋਨਾ ਪੀੜਤਾਂ ਨੂੰ ਘਰੋਂ ਵਾਪਸ ਲਿਆ ਕੇ ਆਈਸੋਲੇਟ ਕੇਂਦਰਾਂ 'ਚ ਸ਼ਿਫਟ ਕੀਤਾ ਗਿਆ ਹੈ। ਦੂਜੇ ਪਾਸੇ ਜ਼ਿਲਾ ਪ੍ਰਸ਼ਾਸਨ ਨੇ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। 

ਹਮੀਰਪੁਰ ਦੇ ਡਿਪਟੀ ਕਮਿਸ਼ਨਰ ਹਰਿਕੇਸ਼ ਮੀਣਾ ਨੇ ਦੱਸਿਆ ਹੈ ਕਿ ਇਹ 15 ਲੋਕ ਮਹਾਰਾਸ਼ਟਰ ਦੇ ਮੁੰਬਈ ਅਤੇ ਠਾਣੇ ਤੋਂ ਸਪੈਸ਼ਲ਼ ਟ੍ਰੇਨ ਰਾਹੀਂ ਵਾਪਸ ਆਏ ਸੀ ਅਤੇ ਉਨ੍ਹਾਂ ਨੂੰ ਨਵੋਦਿਆ ਸਕੂਲ ਡੂੰਗਰੀ, ਦੇਓਤਸਿਧ ਅਤੇ ਨਾਦੌਨ ਦੇ ਆਈਸੋਲੇਟ ਕੇਂਦਰਾਂ 'ਚ ਰੱਖਿਆ ਗਿਆ ਸੀ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਪਹਿਲੇ ਨਮੂਨਿਆਂ ਦੀ ਜਾਂਚ ਲਈ ਹਿਮਾਲਿਆ ਬਾਇਓਸੋਰਸ ਤਕਨਾਲੋਜੀ (ਆਈ.ਐੱਚ.ਬੀ.ਟੀ) ਪਾਲਮਪੁਰ 'ਚ ਭੇਜਿਆ ਗਿਆ ਸੀ, ਜੋ ਕੋਵਿਡ-19 ਦੇ ਲਈ ਨੈਗੇਟਿਵ ਪਾਏ ਗਏ।ਜਦੋਂ ਉਨ੍ਹਾਂ ਦੇ ਨਮੂਨੇ ਫਿਰ ਤੋਂ ਲਏ ਗਏ ਅਤੇ ਬੁੱਧਵਾਰ ਦੀ ਰਾਤ ਉਨ੍ਹਾਂ ਦੇ ਪੀੜਤ ਹੋਣ ਦੀ ਪੁਸ਼ਟੀ ਹੋ ਗਈ। ਉਨ੍ਹਾਂ ਨੂੰ ਫਿਲਹਾਲ ਪਹਿਲੀ ਰਿਪੋਰਟ ਦੇ ਆਧਾਰ 'ਤੇ ਬੁੱਧਵਾਰ ਦੁਪਹਿਰ ਨੂੰ ਵਾਪਸ ਘਰ ਭੇਜ ਦਿੱਤਾ ਗਿਆ ਸੀ। 

ਡਿਪਟੀ ਕਮਿਸ਼ਨਰ ਮੀਣਾ ਨੇ ਦੱਸਿਆ ਹੈ ਕਿ ਦੂਜੀ ਰਿਪੋਰਟ ਆਉਣ ਤੋਂ ਬਾਅਦ ਸਾਰੇ ਐੱਸ.ਡੀ.ਐੱਮ (ਸਬ ਡੀਵੀਜ਼ਨਲ ਮੈਜਿਸਟ੍ਰੇਟ) ਨੂੰ ਸੂਚਿਤ ਕੀਤਾ ਗਿਆ। 15 ਲੋਕਾਂ ਨੂੰ ਵਾਪਸ ਲਿਆਂਦਾ ਗਿਆ ਅਤੇ ਇਲਾਜ ਲਈ ਵੱਖ-ਵੱਖ ਕੋਵਿਡ ਕੇਂਦਰਾਂ 'ਚ ਭੇਜਿਆ ਗਿਆ। ਉਨ੍ਹਾਂ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।
 


Iqbalkaur

Content Editor

Related News