ਹਿਜਾਬ ਵਿਵਾਦ: ਝਾਰਖੰਡ ਦੇ ਮੰਤਰੀ ਨੇ ਮਹਿਲਾ ਡਾਕਟਰ ਨੂੰ ਦਿੱਤੀ ਨੌਕਰੀ ਤੇ ਫਲੈਟ ਦੀ ਆਫਰ
Sunday, Dec 21, 2025 - 05:31 AM (IST)
ਰਾਂਚੀ - ਝਾਰਖੰਡ ਦੇ ਸਿਹਤ ਮੰਤਰੀ ਇਰਫਾਨ ਅੰਸਾਰੀ ਨੇ ਸ਼ਨੀਵਾਰ ਨੂੰ ਕਿਹਾ ਕਿ ਨਿਯੁਕਤੀ ਪੱਤਰ ਵੰਡੇ ਜਾਣ ਦੌਰਾਨ ਹੋਏ ਹਿਜਾਬ ਵਿਵਾਦ ਤੋਂ ਬਾਅਦ ਉਨ੍ਹਾਂ ਨੇ ਬਿਹਾਰ ਦੀ ਇਕ ਮਹਿਲਾ ਡਾਕਟਰ ਨੂੰ 3 ਲੱਖ ਰੁਪਏ ਮਹੀਨਾ ਤਨਖਾਹ, ਸਰਕਾਰੀ ਫਲੈਟ ਅਤੇ ਮਨਭਾਉਂਦੀ ਨਿਯੁਕਤੀ ਵਾਲੀ ਨੌਕਰੀ ਦੀ ਪੇਸ਼ਕਸ਼ ਕੀਤੀ ਹੈ। ਅੰਸਾਰੀ ਨੇ ਦੋਸ਼ ਲਾਇਆ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਇਕ ਮਹਿਲਾ ਡਾਕਟਰ ਦਾ ਹਿਜਾਬ ਹਟਾ ਕੇ ਹਿਜਾਬ ਅਤੇ ਮੁਸਲਮਾਨ ਭਾਈਚਾਰੇ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਨੇ ਜਾਮਤਾੜਾ ’ਚ ਪੱਤਰਕਾਰਾਂ ਨੂੰ ਕਿਹਾ, “ਜਿਸ ਤਰ੍ਹਾਂ ਇਕ ਡਾਕਟਰ ਅਤੇ ਇਕ ਔਰਤ ਨੂੰ ਅਪਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੇ ਹਿਜਾਬ ਨੂੰ ਖਿੱਚ ਕੇ ਅਸ਼ੋਭਨੀਕ ਵਿਵਹਾਰ ਕੀਤਾ ਗਿਆ, ਉਹ ਸਿਰਫ ਇਕ ਵਿਅਕਤੀ ’ਤੇ ਹਮਲਾ ਨਹੀਂ ਹੈ, ਸਗੋਂ ਇਹ ਮਨੁੱਖੀ ਮਾਣ-ਸਨਮਾਨ ਅਤੇ ਸੰਵਿਧਾਨ ’ਤੇ ਸਿੱਧਾ ਹਮਲਾ ਹੈ।” ਇਹ ਘਟਨਾ ਸੋਮਵਾਰ ਨੂੰ ਪਟਨਾ ’ਚ ਮੁੱਖ ਮੰਤਰੀ ਸਕੱਤਰੇਤ ’ਚ ਹੋਈ, ਜਦੋਂ ਆਯੁਸ਼ ਡਾਕਟਰ ਆਪਣੇ ਨਿਯੁਕਤੀ ਪੱਤਰ ਪ੍ਰਾਪਤ ਕਰਨ ਲਈ ਇਕੱਠੇ ਹੋਏ ਸਨ।
