2022 ''ਚ ਸੁਣਾਈ ਗਈ ਸਭ ਤੋਂ ਵੱਧ ਸਜ਼ਾ-ਏ-ਮੌਤ, ਪਿਛਲੇ ਦੋ ਦਹਾਕਿਆਂ ''ਚ ਵਧਿਆ ਗਰਾਫ਼
Monday, Jan 30, 2023 - 01:36 PM (IST)
ਨਵੀਂ ਦਿੱਲੀ- ਦੇਸ਼ ਭਰ 'ਚ ਬੀਤੇ ਸਾਲ ਟਰਾਇਲ ਕੋਰਟ ਨੇ 165 ਕੈਦੀਆਂ ਨੂੰ ਸਜ਼ਾ-ਏ-ਮੌਤ ਸੁਣਾਈ ਹੈ। ਸਾਲ 2022 ਦਾ ਇਹ ਅੰਕੜਾ ਬੀਤੇ ਦੋ ਦਹਾਕਿਆਂ 'ਚ ਸਭ ਤੋਂ ਵੱਧ ਰਿਹਾ ਹੈ। ਇਸ ਤੋਂ ਪਹਿਲਾਂ ਸਾਲ 2021 'ਚ 146 ਲੋਕਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਹੈਰਾਨ ਕਰਨ ਵਾਲੀ ਗੱਲ ਹੈ ਕਿ ਫਾਂਸੀ ਦੀ ਸਜ਼ਾ ਪ੍ਰਾਪਤ ਹਰ ਤੀਜਾ ਸ਼ਖ਼ਸ ਯੌਨ ਅਪਰਾਧਾਂ ਨਾਲ ਜੁੜਿਆ ਹੋਇਆ ਹੈ।
ਇਹ ਗਿਣਤੀ 2016 ਤੋਂ ਬਾਅਦ ਸਭ ਤੋਂ ਵੱਧ ਹੈ। ਰਿਪੋਰਟ ਮੁਤਾਬਕ 2015 ਤੋਂ 2022 ਤੱਕ 40 ਫ਼ੀਸਦੀ ਤੱਕ ਅਜਿਹੇ ਕੈਦੀਆਂ ਦੀ ਗਿਣਤੀ 'ਚ ਵਾਧਾ ਹੋਇਆ ਹੈ, ਜਿਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਇਸ ਦੀ ਅਹਿਮ ਵਜ੍ਹਾ ਹਾਲ ਦੇ ਸਾਲਾਂ 'ਚ ਵੱਡੀ ਗਿਣਤੀ 'ਚ ਟਰਾਇਲ ਕੋਰਟ ਵਲੋਂ ਦਿੱਤੀ ਗਈ ਮੌਤ ਦੀ ਸਜ਼ਾ ਅਤੇ ਫਿਰ ਅਪੀਲੀ ਅਦਾਲਤਾਂ ਵਲੋਂ ਅਜਿਹੇ ਮਾਮਲਿਆਂ ਦੇ ਨਿਪਟਾਰੇ ਦੀ ਘੱਟ ਦਰ ਦੱਸਿਆ ਗਿਆ ਹੈ।
ਇਹ ਜਾਣਕਾਰੀ ਸਾਲਾਨਾ ਗਿਣਤੀ 2022 ਦੇ ਹਵਾਲੇ ਤੋਂ ਸਾਹਮਣੇ ਆਈ ਹੈ। ਇਸ ਰਿਪੋਰਟ ਮੁਤਾਬਕ 2008 ਦੇ ਸੀਰੀਅਲ ਬਲਾਸਟ ਮਾਮਲੇ 'ਚ ਅਹਿਮਦਾਬਾਦ ਦੀ ਇਕ ਅਦਾਲਤ ਵਲੋਂ ਫਰਵਰੀ 2022 'ਚ 38 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਇਸ ਮਾਮਲੇ ਨੇ ਹੀ 2022 ਵਿਚ ਸਜ਼ਾ-ਏ-ਮੌਤ ਦੇ ਅੰਕੜਿਆਂ ਨੂੰ ਵਧਾਉਣ ਵਿਚ ਸਭ ਤੋਂ ਵੱਡਾ ਯੋਗਦਾਨ ਪਾਇਆ। ਉੱਥੇ ਹੀ ਸਾਲ 2022 ਵਿਚ ਯੌਨ ਅਪਰਾਧਾਂ ਦੇ 165 ਮਾਮਲਿਆਂ ਦੇ 52 ਕੈਦੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਜੋ ਕੁੱਲ ਮਾਮਲਿਆਂ ਦਾ 31.5 ਫ਼ੀਸਦੀ ਹੈ।