ਜੰਮੂ-ਕਸ਼ਮੀਰ ’ਚ ਤੀਜੇ ਤੇ ​ਆਖਰੀ ਪੜਾਅ ’ਚ ਸਭ ਤੋਂ ਵੱਧ 66 ਫੀਸਦੀ ਪੋਲਿੰਗ

Wednesday, Oct 02, 2024 - 05:56 AM (IST)

ਜੰਮੂ (ਸੰਜੀਵ) - ਜੰਮੂ-ਕਸ਼ਮੀਰ ’ਚ 10 ਸਾਲ ਬਾਅਦ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੇ ਤੀਜੇ ਅਤੇ ​ਆਖਰੀ ਪੜਾਅ ਦੀਆਂ 40 ਸੀਟਾਂ ’ਤੇ 66 ਫੀਸਦੀ ਪੋਲਿੰਗ ਹੋਈ। ਚੋਣਾਂ ਦੇ ਪਹਿਲੇ ਪੜਾਅ ’ਚ 62 ਤੇ ਦੂਜੇ ਪੜਾਅ ’ਚ 58 ਫੀਸਦੀ ਵੋਟਾਂ ਪਈਆਂ ਸਨ। ਅੱਜ ਸ਼ਾਂਤੀਪੂਰਨ ਤਰੀਕੇ ਨਾਲ 40 ਵਿਧਾਨ ਸਭਾ ਸੀਟਾਂ ’ਤੇ ਪੋਲਿੰਗ ਸੰਪੰਨ ਹੋ ਗਈ। ਹੁਣ ਵਿਧਾਨ ਸਭਾ ਚੋਣਾਂ ਦੀਆਂ ਸਾਰੀਆਂ 90 ਸੀਟਾਂ ਲਈ ਵੋਟਾਂ ਦੀ ਗਿਣਤੀ 8 ਅਕਤੂਬਰ ਨੂੰ ਹੋਵੇਗੀ।

ਮੁੱਖ ਚੋਣ ਅਧਿਕਾਰੀ ਪਾਂਡੁਰੰਗ ਕੇ. ਪੋਲੇ ਅਨੁਸਾਰ 65.58 ਫੀਸਦੀ ਪੋਲਿੰਗ ਦਰਜ ਕੀਤੀ ਗਈ ਹੈ। 40 ਵਿਧਾਨ ਸਭਾ ਸੀਟਾਂ ਲਈ ਚੋਣ ਕਮਿਸ਼ਨ ਨੇ 5060 ਪੋਲਿੰਗ ਕੇਂਦਰ ਬਣਾਏ ਸਨ। 40 ਸੀਟਾਂ ’ਤੇ 415 ਉਮੀਦਵਾਰ ਚੋਣ ਮੈਦਾਨ ’ਚ ਸਨ। ਇਨ੍ਹਾਂ ’ਚੋਂ 387 ਪੁਰਸ਼ ਅਤੇ 28 ਮਹਿਲਾ ਉਮੀਦਵਾਰ ਸਨ। ਉੱਥੇ ਹੀ, ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ ਜੰਮੂ-ਕਸ਼ਮੀਰ ’ਚ ਵਿਧਾਨ ਸਭਾ ਚੋਣਾਂ 2024 ਦੀ ਵੋਟਿੰਗ ਪ੍ਰਕਿਰਿਆ ਸਫਲਤਾਪੂਰਵਕ ਸੰਪੰਨ ਹੋ ਗਈ ਹੈ ਅਤੇ ਵੋਟਰਾਂ ਨੇ ਗਜ਼ਬ ਦਾ ਉਤਸ਼ਾਹ ‘ਲੋਕਤੰਤਰ ਦੇ ਉਤਸਵ’ ’ਚ ਵਿਖਾਇਆ ਹੈ। ਮੁੱਖ ਚੋਣ ਕਮਿਸ਼ਨਰ ਅਨੁਸਾਰ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ’ਚ ਵੋਟਿੰਗ ਪ੍ਰਕਿਰਿਆ ਸਾਫ਼-ਸੁਥਰੇ ਅਤੇ ਸ਼ਾਂਤੀਪੂਰਨ ਤਰੀਕੇ ਨਾਲ ਸੰਪੰਨ ਹੋ ਗਈ ਹੈ।

ਜ਼ਿਕਰਯੋਗ ਹੈ ਕਿ ਆਰਟੀਕਲ-370 ਦੀ ਸਮਾ​ਪਤੀ ਅਤੇ ਵਿਧਾਨ ਸਭਾ ਖੇਤਰਾਂ ਦੀ ਹੱਦਬੰਦੀ ਤੋਂ ਬਾਅਦ ਜੰਮੂ-ਕਸ਼ਮੀਰ ’ਚ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ। ਹੱਦਬੰਦੀ ਤੋਂ ਪਹਿਲਾਂ ਜੰਮੂ-ਕਸ਼ਮੀਰ ’ਚ ਵਿਧਾਨ ਸਭਾ ਦੀਆਂ 83 ਸੀਟਾਂ ਹੁੰਦੀਆਂ ਸਨ, ਜਦੋਂ ਕਿ ਹੱਦਬੰਦੀ ਤੋਂ ਬਾਅਦ ਇਸ ਵਾਰ 90 ਵਿਧਾਨ ਸਭਾ ਸੀਟਾਂ ’ਤੇ ਚੋਣਾਂ ਹੋਈਆਂ ਹਨ।
 


Inder Prajapati

Content Editor

Related News