ਤੇਜ਼ ਰਫਤਾਰ ਡੰਪਰ ਨੇ ਕਾਰ ਨੂੰ ਟੱਕਰ ਮਾਰੀ, ਤਹਿਸੀਲਦਾਰ ਸਮੇਤ ਤਿੰਨ ਮੁਲਾਜ਼ਮਾਂ ਦੀ ਮੌਤ
Monday, Aug 05, 2024 - 09:46 PM (IST)
ਜੈਪੁਰ : ਰਾਜਸਥਾਨ ਦੇ ਦੌਸਾ ਜ਼ਿਲ੍ਹੇ ਦੇ ਲਾਲਸੋਤ ਥਾਣਾ ਖੇਤਰ 'ਚ ਸੋਮਵਾਰ ਨੂੰ ਇਕ ਤੇਜ਼ ਰਫਤਾਰ ਡੰਪਰ ਨੇ ਇਕ ਕਾਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਕਾਰ ਵਿੱਚ ਸਵਾਰ ਨਾਇਬ ਤਹਿਸੀਲਦਾਰ ਸਮੇਤ ਤਿੰਨ ਸਰਕਾਰੀ ਮੁਲਾਜ਼ਮਾਂ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਮੁਲਾਜ਼ਮ ਜ਼ਖ਼ਮੀ ਹੋ ਗਏ। ਥਾਣਾ ਮੁਖੀ ਮਹਾਵੀਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਪਿੰਡ ਸ਼ਿਵਸਿੰਘਪੁਰਾ ਨੇੜੇ ਵਾਪਰਿਆ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿਚ ਕਾਰ ਵਿਚ ਸਵਾਰ ਨਾਇਬ ਤਹਿਸੀਲਦਾਰ ਗਿਰਰਾਜ ਸ਼ਰਮਾ (55), ਗਿਰਦਾਵਰ ਦਿਨੇਸ਼ ਸ਼ਰਮਾ (40) ਅਤੇ ਪਟਵਾਰੀ ਦਿਨੇਸ਼ ਸ਼ਰਮਾ (42) ਦੀ ਮੌਤ ਹੋ ਗਈ ਜਦਕਿ ਦੋ ਪਟਵਾਰੀ ਅਤੇ ਇੱਕ ਗਿਰਦਾਵਰ ਜ਼ਖ਼ਮੀ ਹੋ ਗਏ।
ਸਿੰਘ ਨੇ ਦੱਸਿਆ ਕਿ ਤਿੰਨ ਜ਼ਖ਼ਮੀਆਂ ਵਿੱਚੋਂ ਦੋ ਦੀ ਹਾਲਤ ਨਾਜ਼ੁਕ ਹੈ ਅਤੇ ਉਨ੍ਹਾਂ ਨੂੰ ਇਲਾਜ ਲਈ ਜੈਪੁਰ ਦੇ ਸਵਾਈ ਮਾਨਸਿੰਘ ਹਸਪਤਾਲ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਥਾਣਾ ਮੁਖੀ ਨੇ ਦੱਸਿਆ ਕਿ ਕਾਰ ਵਿਚ ਸਵਾਰ ਸਾਰੇ ਮਾਲ ਮੁਲਾਜ਼ਮ ਪਿੰਡ ਰਾਜਪੁਰਾ ਵਿੱਚ ਸਰਕਾਰੀ ਕੰਮ ਲਈ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਹਾਦਸੇ ਤੋਂ ਬਾਅਦ ਡੰਪਰ ਚਾਲਕ ਫਰਾਰ ਹੋ ਗਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ
ਇਸ ਦੇ ਨਾਲ ਹੀ ਰਾਜਪਾਲ ਹਰਿਭਾਊ ਕਿਸ਼ਨਰਾਓ ਬਾਗੜੇ ਅਤੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਇਨ੍ਹਾਂ ਮੁਲਾਜ਼ਮਾਂ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ। ਰਾਜ ਭਵਨ ਵੱਲੋਂ ਜਾਰੀ ਬਿਆਨ ਅਨੁਸਾਰ ਰਾਜਪਾਲ ਨੇ ਮ੍ਰਿਤਕਾਂ ਦੀਆਂ ਆਤਮਾਵਾਂ ਨੂੰ ਸ਼ਾਂਤੀ ਦੇਣ ਅਤੇ ਦੁਖੀ ਪਰਿਵਾਰਾਂ ਨੂੰ ਇਹ ਦੁੱਖ ਸਹਿਣ ਦੀ ਤਾਕਤ ਦੇਣ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਹੈ। ਉਨ੍ਹਾਂ ਨੇ ਹਾਦਸੇ ਵਿੱਚ ਜ਼ਖਮੀ ਹੋਏ ਤਿੰਨ ਜਵਾਨਾਂ ਦੇ ਜਲਦੀ ਠੀਕ ਹੋਣ ਦੀ ਵੀ ਕਾਮਨਾ ਕੀਤੀ ਹੈ।
ਮੁੱਖ ਮੰਤਰੀ ਸ਼ਰਮਾ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਕਿਹਾ ਕਿ ਦੌਸਾ ਵਿਚ ਇੱਕ ਭਿਆਨਕ ਸੜਕ ਹਾਦਸੇ ਵਿੱਚ ਨਾਇਬ ਤਹਿਸੀਲਦਾਰ ਸਮੇਤ ਤਿੰਨ ਸਰਕਾਰੀ ਕਰਮਚਾਰੀਆਂ ਦੀ ਮੌਤ ਬੇਹੱਦ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ਮੇਰੀ ਹਮਦਰਦੀ ਦੁਖੀ ਪਰਿਵਾਰ ਦੇ ਮੈਂਬਰਾਂ ਨਾਲ ਹੈ। ਮੁੱਖ ਮੰਤਰੀ ਨੇ ਕਿਹਾ ਕਿ ਭਗਵਾਨ ਸ਼੍ਰੀ ਰਾਮ ਜੀ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਦੁਖੀ ਪਰਿਵਾਰਾਂ ਨੂੰ ਇਸ ਹਾਦਸੇ ਨੂੰ ਸਹਿਣ ਦਾ ਬਲ ਬਖਸ਼ਣ।