ਪਰਾਲੀ ਸਾੜੇ ਜਾਣ ਅਤੇ ਪ੍ਰਦੂਸ਼ਣ ਦੇ ਮੁੱਦੇ ’ਤੇ ਵੀਰਵਾਰ ਨੂੰ ਦਿੱਲੀ ’ਚ ਹੋਵੇਗੀ ਉੱਚ ਪੱਧਰੀ ਬੈਠਕ
Wednesday, Sep 08, 2021 - 05:56 PM (IST)
ਨਵੀਂ ਦਿੱਲੀ- ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ 9 ਸਤੰਬਰ ਨੂੰ ਇਕ ਉੱਚ ਪੱਧਰੀ ਬੈਠਕ ਬੁਲਾਈ ਹੈ, ਜਿਸ ’ਚ ਸਰਦੀ ’ਚ ਪਰਾਲੀ ਸਾੜੇ ਜਾਣ ਅਤੇ ਸ਼ਹਿਰ ’ਚ ਪ੍ਰਦੂਸ਼ਣ ਨਾਲ ਨਜਿੱਠਣ ਦੀ ਰਣਨੀਤੀ ’ਤੇ ਚਰਚਾ ਕੀਤੀ ਜਾਵੇਗੀ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਦਿੱਲੀ ’ਚ ਹਰ ਸਾਲ ਸਰਦੀ ’ਚ ਕਈ ਕਾਰਨਾਂ ਕਰ ਕੇ ਹਵਾ ਪ੍ਰਦੂਸ਼ਣ ਦੇ ਪੱਧਰ ’ਚ ਵਾਧਾ ਦੇਖਿਆ ਜਾਂਦਾ ਹੈ, ਜਿਸ ’ਚ ਗੁਆਂਢੀ ਰਾਜਾਂ ’ਚ ਪਰਾਲੀ ਸਾੜੀ ਜਾਣਾ ਵੀ ਸ਼ਾਮਲ ਹੈ। ਇਕ ਅਧਿਕਾਰੀ ਨੇ ਕਿਹਾ,‘‘ਵਾਤਾਵਰਣ ਮੰਤਰੀ ਨੇ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ, ਵਾਤਾਵਰਣ ਵਿਭਾਗ ਅਤੇ ਜੰਗਲਾਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਵੀਰਵਾਰ ਨੂੰ ਇਕ ਉੱਚ ਪੱਧਰੀ ਬੈਠਕ ਬੁਲਾਈ ਹੈ। ਬੈਠਕ ’ਚ ਸਰਦੀ ’ਚ ਪਰਾਲੀ ਸਾੜਨ ਅਤੇ ਪ੍ਰਦੂਸ਼ਣ ਨਾਲ ਨਜਿੱਠਣ ਦੀ ਦਿੱਲੀ ਸਰਕਾਰ ਦੀ ਰਣਨੀਤੀ ’ਤੇ ਚਰਚਾ ਕੀਤੀ ਜਾਵੇਗੀ।
ਰਾਏ ਅਨੁਸਾਰ,‘‘ਦਿੱਲੀ ਸਰਕਾਰ ਅਗਲੇ ਹਫ਼ਤੇ ਤੱਕ ਇਕ ‘ਸ਼ੀਤਕਾਲੀਨ ਕਾਰਜ ਯੋਜਨਾ’ ਤਿਆਰ ਕਰਨਾ ਸ਼ੁਰੂ ਕਰ ਦੇਵੇਗੀ।’’ ਰਾਏ ਨੇ ਮੰਗਲਵਾਰ ਨੂੰ, ਸਰਦੀ ਦੇ ਮੌਸਮ ’ਚ ਹਵਾ ਪ੍ਰਦੂਸ਼ਣ ਦੇ ਉੱਚ ਪੱਧਰ ਨਾਲ ਨਜਿੱਠਣ ਲਈ ਦਿੱਲੀ ਅਤੇ ਗੁਆਂਢੀ ਸੂਬਿਆਂ ਨੂੰ ਮਿਲ ਕੇ ਸੰਯੁਕਤ ਕਾਰਜ ਯੋਜਨਾ ਬਣਾਉਣ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ ਅਤੇ ਰਾਜਸਥਾਨ ਤੋਂ ਮੰਗ ਕੀਤੀ ਸੀ ਕਿ ਉਹ ਹਵਾ ਗੁਣਵੱਤਾ ਨੂੰ ਖ਼ਰਾਬ ਹੋਣ ਤੋਂ ਰੋਕਣ ਲਈ ਰਾਸ਼ਟਰੀ ਰਾਜਧਾਨੀ ਵਲੋਂ ਪਿਛਲੇ ਸਾਲ ਉਠਾਏ ਗਏ ਕਦਮਾਂ ਨੂੰ ਲਾਗੂ ਕਰਨ। ਮੰਤਰੀ ਨੇ ਕਿਹਾ,‘‘ਪਿਛਲੇ ਸਾਲ ਅਸੀਂ ਵਾਹਨਾਂ ਤੋਂ ਹੋਣ ਵਾਲੇ ਪ੍ਰਦੂਸ਼ਣ ਘੱਟ ਕਰਨ ਲਈ ‘ਰੈੱਡ ਲਾਈਟ ਆਨ, ਗੱਡੀ ਆਫ’ ਮੁਹਿੰਮ ਸ਼ੁਰੂ ਕੀਤੀ। ਪ੍ਰਦੂਸ਼ਣ ਵਿਰੁੱਧ ਕੋਸ਼ਿਸ਼ਾਂ ਦੀ ਨਿਗਰਾਨੀ ਅਤੇ ਤਾਲਮੇਲ ਲਈ ‘ਗ੍ਰੀਨ ਵਾਰ ਰੂਮ’ ਬਣਾਇਆ।’’ ਰਾਏ ਨੇ ਕਿਹਾ ਸੀ ਕਿ ਪ੍ਰਤੀਨਿਧੀਆਂ ਦਾ ਇਕ ਸਮੂਹ ਕੇਂਦਰੀ ਵਾਤਾਵਰਣ ਮੰਤਰੀ ਅਤੇ ਹਵਾ ਗੁਣਵੱਤਾ ਪ੍ਰਬੰਧਨ ’ਤੇ ਕੇਂਦਰੀ ਕਮਿਸ਼ਨ ਨਾਲ ਮੁਲਾਕਾਤ ਕਰੇਗਾ ਅਤੇ ਸੰਯੁਕਤ ਕਾਰਜ ਯੋਜਨਾ ’ਤੇ ਚਰਚਾ ਕਰੇਗਾ, ਜਿਸ ਨੂੰ ਦਿੱਲੀ ਅਤੇ ਗੁਆਂਢੀ ਰਾਜਾਂ ’ਚ ਸਰਦੀਆਂ ਦੇ ਮੌਸਮ ’ਚ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਲਾਗੂ ਕੀਤਾ ਜਾ ਸਕਦਾ ਹੈ।