ਕਾਂਗਰਸ ਦੇ ਸੀਨੀਅਰ ਨੇਤਾਵਾਂ ਨਾਲ ਬੈਠਕ 'ਚ ਪ੍ਰਸ਼ਾਂਤ ਕਿਸ਼ੋਰ ਨੇ 2024 ਦੀ ਚੋਣਾਵੀ ਰਣਨੀਤੀ ਕੀਤੀ ਪੇਸ਼
Saturday, Apr 16, 2022 - 01:02 PM (IST)
ਨਵੀਂ ਦਿੱਲੀ (ਭਾਸ਼ਾ)- ਉੱਘੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਘਰ ਸ਼ਨੀਵਾਰ ਨੂੰ ਪਾਰਟੀ ਦੇ ਸੀਨੀਅਰ ਨੇਤਾਵਾਂ ਦੀ ਬੈਠਕ ‘ਚ ਅਗਲੀਆਂ ਲੋਕ ਸਭਾ ਚੋਣਾਂ ਦੀ ਰਣਨੀਤੀ ਦਾ ਖਾਕਾ ਪੇਸ਼ ਕੀਤਾ। ਪਾਰਟੀ ਉਨ੍ਹਾਂ ਵੱਲੋਂ ਪੇਸ਼ ਕੀਤੀ ਗਈ ਯੋਜਨਾ 'ਤੇ ਵਿਚਾਰ ਕਰਨ ਲਈ ਨੇਤਾਵਾਂ ਦਾ ਇਕ ਛੋਟਾ ਸਮੂਹ ਬਣਾਏਗੀ, ਜੋ ਇਕ ਹਫ਼ਤੇ 'ਚ ਸੋਨੀਆ ਗਾਂਧੀ ਨੂੰ ਆਪਣੀ ਰਿਪੋਰਟ ਸੌਂਪੇਗਾ। ਕਾਂਗਰਸ ਨੇਤਾਵਾਂ ਨਾਲ ਪ੍ਰਸ਼ਾਂਤ ਕਿਸ਼ੋਰ ਦੀ ਬੈਠਕ ਤੋਂ ਬਾਅਦ ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇ. ਸੀ ਵੇਣੂਗੋਪਾਲ ਨੇ ਪੱਤਰਕਾਰਾਂ ਨੂੰ ਦੱਸਿਆ,“ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ ਪ੍ਰਧਾਨ ਨੂੰ 2024 ਦੀਆਂ ਲੋਕ ਸਭਾ ਚੋਣਾਂ ਦੀ ਰਣਨੀਤੀ ਨੂੰ ਲੈ ਕੇ ਪੂਰੀ ਪੇਸ਼ਕਾਰੀ ਦਿੱਤੀ। ਜੋ ਯੋਜਨਾ ਉਨ੍ਹਾਂ ਨੇ ਸਾਹਮਣੇ ਰੱਖੀ ਹੈ, ਉਸ 'ਤੇ ਪਾਰਟੀ ਸਮੂਹ ਵਿਚਾਰ ਕਰੇਗਾ ਅਤੇ ਇਕ ਹਫ਼ਤੇ ਅੰਦਰ ਕਾਂਗਰਸ ਪ੍ਰਧਾਨ ਨੂੰ ਆਪਣੀ ਰਿਪੋਰਟ ਸੌਂਪੇਗਾ। ਇਸ ਤੋਂ ਬਾਅਦ ਇਸ 'ਤੇ ਅੰਤਿਮ ਫ਼ੈਸਲਾ ਹੋਵੇਗਾ।''
ਇਹ ਵੀ ਪੜ੍ਹੋ : ਰਾਜਸਥਾਨ ਦੇ ਸਿਰੋਹੀ ’ਚ ਰਹੱਸਮਈ ਬੀਮਾਰੀ ਨਾਲ 7 ਬੱਚਿਆਂ ਦੀ ਮੌਤ, ਕਈ ਬੀਮਾਰ
ਬੈਠਕ 'ਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ, ਕੇ.ਸੀ. ਵੇਣੂਗੋਪਾਲ, ਸੀਨੀਅਰ ਨੇਤਾ ਅੰਬਿਕਾ ਸੋਨੀ, ਮੱਲਿਕਾਰਜੁਨ ਖੜਗੇ ਅਤੇ ਕੁਝ ਹੋਰ ਨੇਤਾ ਸ਼ਾਮਲ ਹੋਏ। ਕਾਂਗਰਸ ਸੂਤਰਾਂ ਨੇ ਦੱਸਿਆ ਕਿ ਪਿਛਲੇ ਕਈ ਹਫ਼ਤਿਆਂ ਤੋਂ ਪਾਰਟੀ ਲੀਡਰਸ਼ਿਪ ਅਤੇ ਕਿਸ਼ੋਰ ਵਿਚਕਾਰ ਮੁੱਖ ਤੌਰ 'ਤੇ ਗੁਜਰਾਤ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ। ਪਾਰਟੀ ਗੁਜਰਾਤ ਦੇ ਮਸ਼ਹੂਰ ਪਾਟੀਦਾਰ ਚਿਹਰੇ ਨਰੇਸ਼ ਪਟੇਲ ਨੂੰ ਵੀ ਚੁਣਨ ਦੀ ਕੋਸ਼ਿਸ਼ ਕਰ ਰਹੀ ਹੈ। ਪ੍ਰਸ਼ਾਂਤ ਕਿਸ਼ੋਰ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਕਾਂਗਰਸ ਲੀਡਰਸ਼ਿਪ ਦੇ ਸੰਪਰਕ ਵਿੱਚ ਹਨ। ਹਾਲ ਹੀ 'ਚ ਉਨ੍ਹਾਂ ਕਿਹਾ ਸੀ ਕਿ ਉਹ 2021 'ਚ ਕਾਂਗਰਸ 'ਚ ਸ਼ਾਮਲ ਹੋਣ ਜਾ ਰਹੇ ਹਨ ਪਰ ਕੁਝ ਨੁਕਤਿਆਂ 'ਤੇ ਸਹਿਮਤੀ ਨਹੀਂ ਬਣ ਸਕੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ