ਸਾਬਕਾ ਮੰਤਰੀ ਰਾਜਾ ਭਈਆ ਅਤੇ ਸਾਧਵੀ ਸਿੰਘ ਨੂੰ ਹਾਈ ਕੋਰਟ ਦਾ ਨੋਟਿਸ, ਭਾਨਵੀ ਦੇ ਖਿਲਾਫ ਕਾਰਵਾਈ ’ਤੇ ਰੋਕ

Sunday, Dec 14, 2025 - 12:35 PM (IST)

ਸਾਬਕਾ ਮੰਤਰੀ ਰਾਜਾ ਭਈਆ ਅਤੇ ਸਾਧਵੀ ਸਿੰਘ ਨੂੰ ਹਾਈ ਕੋਰਟ ਦਾ ਨੋਟਿਸ, ਭਾਨਵੀ ਦੇ ਖਿਲਾਫ ਕਾਰਵਾਈ ’ਤੇ ਰੋਕ

ਨੈਸ਼ਨਲ ਡੈਸਕ : ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ ਸਾਬਕਾ ਮੰਤਰੀ ਰਘੁਰਾਜ ਪ੍ਰਤਾਪ ਸਿੰਘ ਉਰਫ ਰਾਜਾ ਭਈਆ ਅਤੇ ਉਨ੍ਹਾਂ ਦੀ ਸਾਲੀ ਸਾਧਵੀ ਸਿੰਘ ਨੂੰ ਨੋਟਿਸ ਜਾਰੀ ਕੀਤਾ ਹੈ। ਅਦਾਲਤ ਨੇ ਨਾਲ ਹੀ ਮਾਣਹਾਨੀ ਦੇ ਇਕ ਮਾਮਲੇ ’ਚ ਰਾਜਾ ਭਈਆ ਦੀ ਪਤਨੀ ਭਾਨਵੀ ਕੁਮਾਰੀ ਸਿੰਘ ਦੇ ਖਿਲਾਫ ਚੱਲ ਰਹੀ ਅਪਰਾਧਕ ਕਾਰਵਾਈ ’ਤੇ ਅਗਲੀ ਸੁਣਵਾਈ ਤੱਕ ਰੋਕ ਲਾ ਦਿੱਤੀ ਹੈ।

ਜਸਟਿਸ ਸੌਰਭ ਲਾਵਨੀਆ ਦੀ ਬੈਂਚ ਨੇ ਭਾਨਵੀ ਕੁਮਾਰੀ ਸਿੰਘ ਦੀ ਪਟੀਸ਼ਨ ’ਤੇ ਇਹ ਹੁਕਮ ਦਿੱਤਾ। ਪਟੀਸ਼ਨ ’ਚ ਲਖਨਊ ਦੇ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ’ਚ ਉਨ੍ਹਾਂ ਖਿਲਾਫ ਜਾਰੀ ਸੰਮਨ ਅਤੇ ਅਪਰਾਧਕ ਕਾਰਵਾਈ ਨੂੰ ਚੁਣੌਤੀ ਦਿੱਤੀ ਗਈ ਸੀ। ਕੋਰਟ ਨੇ ਰਾਜਾ ਭਈਆ ਅਤੇ ਸਾਧਵੀ ਸਿੰਘ ਨੂੰ ਦੋ ਹਫ਼ਤਿਆਂ ਦੇ ਅੰਦਰ ਜਵਾਬ ਦਾਖਲ ਕਰਨ ਦਾ ਹੁਕਮ ਦਿੱਤਾ ਹੈ ਅਤੇ ਮਾਮਲੇ ਦੀ ਅਗਲੀ ਸੁਣਵਾਈ ਤਿੰਨ ਹਫ਼ਤਿਆਂ ਬਾਅਦ ਤੈਅ ਕੀਤੀ ਹੈ।

ਇਹ ਮਾਮਲਾ ਸਾਧਵੀ ਸਿੰਘ ਵੱਲੋਂ 4 ਸਤੰਬਰ 2023 ਨੂੰ ਹਜ਼ਰਤਗੰਜ ਕੋਤਵਾਲੀ ’ਚ ਦਰਜ ਕਰਾਏ ਗਏ ਮਾਣਹਾਨੀ ਦੇ ਮੁਕੱਦਮੇ ਨਾਲ ਜੁੜਿਆ ਹੈ। ਪੁਲਸ ਵੱਲੋਂ ਦੋਸ਼-ਪੱਤਰ ਦਾਖਲ ਕੀਤੇ ਜਾਣ ਤੋਂ ਬਾਅਦ ਸੀ. ਜੇ. ਐੱਮ. ਕੋਰਟ ਨੇ ਨੋਟਿਸ ਲੈਂਦੇ ਹੋਏ ਭਾਨਵੀ ਨੂੰ ਸੰਮਨ ਜਾਰੀ ਕੀਤਾ ਸੀ। ਭਾਨਵੀ ਵੱਲੋਂ ਦਲੀਲ ਦਿੱਤੀ ਗਈ ਕਿ ਇਸ ਤਰ੍ਹਾਂ ਦੇ ਮਾਮਲੇ ’ਚ ਸਿਰਫ ਸ਼ਿਕਾਇਤ ਦੇ ਆਧਾਰ ’ਤੇ ਕਾਰਵਾਈ ਹੋ ਸਕਦੀ ਸੀ, ਪੁਲਸ ਜਾਂਚ ਦੀ ਆਗਿਆ ਨਹੀਂ ਸੀ। ਅਦਾਲਤ ਨੂੰ ਇਹ ਵੀ ਦੱਸਿਆ ਗਿਆ ਕਿ ਝਗੜਾ ਦੋ ਭੈਣਾਂ ਦਾ ਆਪਸੀ ਹੈ ਅਤੇ ਇਸ ਨੂੰ ਵਿਚੋਲੇ ਰਾਹੀਂ ਸੁਲਝਾਇਆ ਜਾ ਸਕਦਾ ਹੈ। ਇਸ ਆਧਾਰ ’ਤੇ ਹਾਈ ਕੋਰਟ ਨੇ ਫਿਲਹਾਲ ਅਪਰਾਧਕ ਕਾਰਵਾਈ ’ਤੇ ਰੋਕ ਲਾਉਂਦੇ ਹੋਏ ਮਾਮਲੇ ’ਤੇ ਵਿਸਥਾਰਤ ਸੁਣਵਾਈ ਦਾ ਫ਼ੈਸਲਾ ਲਿਆ।
 


author

Shubam Kumar

Content Editor

Related News