ਹਾਈ ਕੋਰਟ ਨੇ 60 ਵੈੱਬਸਾਈਟਾਂ ਨੂੰ ਕ੍ਰਿਕਟ ਵਿਸ਼ਵ ਕੱਪ ਦੇ ਆਡੀਓ ਪ੍ਰਸਾਰਨ ਤੋਂ ਰੋਕਿਆ
Monday, Jun 10, 2019 - 05:50 PM (IST)

ਨਵੀਂ ਦਿੱਲੀ— ਦਿੱਲੀ ਹਾਈ ਕੋਰਟ ਨੇ 60 ਵੈੱਬਸਾਈਟਾਂ ਅਤੇ ਕੁਝ ਰੇਡੀਓ ਸਟੇਸ਼ਨਾਂ ਨੂੰ ਕ੍ਰਿਕਟ ਵਿਸ਼ਪ ਕੱਪ 2019 ਦੇ ਪ੍ਰਸਾਰਨ ਤੋਂ ਰੋਕ ਦਿੱਤਾ ਹੈ। ਜੱਜ ਜੇ.ਆਰ. ਮਿਧਾ ਨੇ ਇਹ ਨਿਰਦੇਸ਼ ਚੈਨਲ 2 ਗਰੁੱਪ ਕਾਰਪੋਰੇਸ਼ਨ ਦੀ ਪਟੀਸ਼ਨ 'ਤੇ ਦਿੱਤਾ, ਜਿਸ 'ਚ 30 ਮਈ ਤੋਂ 14 ਜੁਲਾਈ ਤੱਕ ਆਯੋਜਿਤ ਹੋ ਰਹੇ ਵਿਸ਼ਵ ਕੱਪ ਦੇ ਆਡੀਓ ਕਵਰੇਜ਼ ਦੇ ਕਾਪੀਰਾਈਟ ਦਾ ਦਾਅਵਾ ਕੀਤਾ। ਕੋਰਟ ਨੇ ਵੈੱਬਸਾਈਟਾਂ ਅਤੇ ਰੇਡੀਓ ਚੈਨਲਾਂ, ਇੰਟਰਨੈੱਟ ਅਤੇ ਦੂਰਸੰਚਾਰ ਸੇਵਾ ਪ੍ਰਦਾਤਾਵਾਂ ਅਤੇ ਕੇਂਦਰ ਨੂੰ ਨੋਟਿਸ ਜਾਰੀ ਕੀਤਾ ਹੈ। ਇਨ੍ਹਾਂ ਸਾਰਿਆਂ ਨੂੰ 4 ਸਤੰਬਰ ਤੱਕ ਆਪਣੇ ਜਵਾਨ ਦਾਖਲ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ।
ਇਸ ਮਾਮਲੇ 'ਚ ਹੁਣ 4 ਸਤੰਬਰ ਨੂੰ ਅੱਗੇ ਸੁਣਵਾਈ ਹੋਵੇਗੀ। ਆਪਣੇ ਹਾਲੀਆ ਅੰਤਰਿਮ ਆਦੇਸ਼ 'ਚ, ਜੱਜ ਨੇ ਗੂਗਲ ਵਰਗੇ ਸਰਚ ਇੰਜਣਾਂ ਅਤੇ ਏਅਰਟੈੱਲ ਅਤੇ ਵੋਡਾਫੋਨ ਵਰਗੇ ਇੰਟਰਨੈੱਟ, ਦੂਰਸੰਚਾਰ ਸੇਵਾ ਪ੍ਰਦਾਤਾਵਾਂ ਨੂੰ ਉਲੰਘਣ ਕਰਨ ਵਾਲੀਆਂ ਉਨ੍ਹਾਂ ਵੈੱਬਸਾਈਟਾਂ ਤੋਂ ਲਿੰਕ ਹਟਾਉਣ ਜਾਂ ਇਸ ਨੂੰ ਬੰਦ ਕਰਨ ਦਾ ਨਿਰਦੇਸ਼ ਦਿੱਤਾ, ਜਿੱਥੇ ਕ੍ਰਿਕਟ ਵਿਸ਼ਵ ਕੱਪ ਦਾ ਆਡੀਓ ਕਵਰੇਜ਼ ਅਣਅਧਿਕਾਰਤ ਰੂਪ ਨਾਲ ਲੋਕਾਂ ਲਈ ਉਪਲੱਬਧ ਕਰਵਾਇਆ ਗਿਆ ਹੈ। ਕੋਰਟ ਦਾ ਕਹਿਣਾ ਸੀ ਕਿ ਇਸ ਮਾਮਲੇ 'ਚ ਤੱਤਾਂ ਅਤੇ ਹਾਲਾਤਾਂ ਨੂੰ ਦੇਖਦੇ ਹੋਏ ਪਟੀਸ਼ਨਕਰਤਾ 'ਚੈਨਲ 2 ਗਰੁੱਪ' ਦੇ ਹਿੱਤ 'ਚ ਇਕ ਪੱਖੀ ਆਦੇਸ਼ ਜਾਰੀ ਕਰਨਾ ਜ਼ਰੂਰੀ ਹੈ। ਪਟੀਸ਼ਨਕਰਤਾ ਨੇ ਵਿਸ਼ਵ ਕੱਪ 2019 ਦੇ ਆਯੋਜਕ 'ਆਈ.ਸੀ.ਸੀ. ਬਿਜ਼ਨੈੱਸ ਕਾਰਪੋਰੇਸ਼ਨ' ਨਾਲ ਆਡੀਓ ਅਧਿਕਾਰ ਸਮਝੌਤਾ ਕੀਤਾ ਸੀ।