ਗੁਲਮਰਗ ਸਮੇਤ ਉਚਾਈ ਵਾਲੇ ਇਲਾਕਿਆਂ ’ਚ ਭਾਰੀ ਬਰਫਬਾਰੀ
Tuesday, Nov 08, 2022 - 12:25 PM (IST)
ਸ਼੍ਰੀਨਗਰ (ਭਾਸ਼ਾ)– ਜੰਮੂ-ਕਸ਼ਮੀਰ ਦੇ ਗੁਲਮਰਗ ਰਿਜ਼ਾਰਟ ਵਿਚ ਸੋਮਵਾਰ ਨੂੰ ਭਾਰੀ ਬਰਫਬਾਰੀ ਹੋਈ, ਜਿਸ ਨਾਲ ਪੂਰਾ ਇਲਾਕਾ ਬਰਫ ਦੀ ਸਫੇਦ ਚਾਦਰ ਨਾਲ ਢਕਿਆ ਗਿਆ। ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਧੇਰੇ ਹਿੱਸਿਆਂ ਵਿਚ ਬਰਫਬਾਰੀ ਅਤੇ ਮੀਂਹ ਪੈਣ ਨਾਲ ਦਿਨ ਦੇ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਵਾਦੀ ਵਿਚ ਬਰਫਬਾਰੀ ਦੇ ਨਤੀਜੇ ਵਜੋਂ ਸੈਲਾਨੀਆਂ ਵਿਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ਦੇ ਗੁਲਮਰਗ ਵਿਚ ਲਗਭਗ 9 ਤੋਂ 12 ਇੰਚ ਤਾਜ਼ੀ ਬਰਫਬਾਰੀ ਦਰਜ ਕੀਤੀ ਗਈ। ਮੱਧ ਕਸ਼ਮੀਰ ਦੇ ਗੰਦੇਰਬਲ ਜ਼ਿਲੇ ਦੇ ਇਕ ਹੋਰ ਸੈਰ-ਸਪਾਟੇ ਵਾਲੀ ਜਗ੍ਹਾ ਸੋਨਮਰਗ ਵਿਚ ਲਗਭਗ 3 ਇੰਚ ਬਰਫਬਾਰੀ ਹੋਈ।
ਉਨ੍ਹਾਂ ਦੱਸਿਆ ਕਿ ਕੁਪਵਾੜਾ ਵਿਚ ਸ਼੍ਰੀਨਗਰ-ਤੰਗਧਾਰ ਮਾਰਗ ’ਤੇ ਸਾਧਨਾ ਦੱਰੇ ਵਿਚ ਲਗਭਗ 2 ਫੁੱਟ ਬਰਫਬਾਰੀ ਹੋਈ, ਜਦਕਿ ਮਾਛਿਲ ਵਿਚ ਲਗਭਗ 5 ਇੰਚ ਬਰਫਬਾਰੀ ਹੋਈ। ਉਥੇ ਹੀ ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਦੇ ਗੁਰੇਜ ਵਿਚ 3 ਇੰਚ ਤਾਜ਼ਾ ਬਰਫਬਾਰੀ ਹੋਈ।
ਅਧਿਕਾਰੀਆਂ ਨੇ ਦੱਸਿਆ ਕਿ ਜੰਮੂ-ਕਸ਼ਮੀਰ ਦੇ ਉਚਾਈ ਵਾਲੇ ਖੇਤਰਾਂ ਦੇ ਹੋਰਨਾਂ ਇਲਾਕਿਆਂ ਵਿਚ ਵੀ ਤਾਜ਼ਾ ਬਰਫਬਾਰੀ ਹੋਣ ਦੀ ਸੂਚਨਾ ਹੈ। ਸ਼੍ਰੀਨਗਰ ਸਮੇਤ ਵਾਦੀ ਦੇ ਮੈਦਾਨੀ ਇਲਾਕਿਆਂ ਵਿਚ ਮੀਂਹ ਪਿਆ। ਅਧਿਕਾਰੀਆਂ ਮੁਤਾਬਕ ਇਕ ਪਾਸੇ ਪੱਛਮੀ ਪ੍ਰਭਾਵ ਦੇ ਨਤੀਜੇ ਵਜੋਂ 9 ਤੋਂ 11 ਨਵੰਬਰ ਦਰਮਿਆਨ ਹਲਕੇ ਤੋਂ ਦਰਮਿਆਨਾ ਮੀਂਹ ਅਤੇ ਬਰਫਬਾਰੀ ਹੋਣ ਦਾ ਅਨੁਮਾਨ ਹੈ।