ਬਦਰੀਨਾਥ ਧਾਮ ’ਚ ਬਰਫ਼ਬਾਰੀ; ਸਫ਼ੈਦ ਚਾਦਰ ਨਾਲ ਢਕੇ ਪਹਾੜ, ਇਸ ਤਾਰੀਖ਼ ਨੂੰ ਬੰਦ ਹੋਣਗੇ ਕਿਵਾੜ
Tuesday, Nov 15, 2022 - 03:22 PM (IST)

ਦੇਹਰਾਦੂਨ- ਉੱਤਰਾਖੰਡ ਦੇ ਚਮੋਲੀ ਸਥਿਤ ਬਾਬਾ ਬਦਰੀਨਾਥ ਧਾਮ ’ਚ ਪਿਛਲੇ 24 ਘੰਟਿਆਂ ਤੋਂ ਲਗਾਤਾਰ ਹੋ ਰਹੀ ਹਲਕੀ ਬਰਫ਼ਬਾਰੀ ਨਾਲ ਮੌਸਮ ਸਰਦ ਹੋ ਗਿਆ ਹੈ, ਜਿਸ ਦੀ ਵਜ੍ਹਾ ਨਾਲ ਇੱਥੋਂ ਦਾ ਪੂਰਾ ਇਲਾਕਾ ਸਫੈਦ ਚਾਦਰ ਨਾਲ ਢਕਿਆ ਹੋਇਆ ਨਜ਼ਰ ਆ ਰਿਹਾ ਹੈ। ਇਸ ਦੇ ਬਾਵਜੂਦ ਸ਼ਰਧਾਲੂਆਂ ਦੇ ਉਤਸ਼ਾਹ ’ਚ ਕੋਈ ਕਮੀ ਨਹੀਂ ਆਈ ਹੈ। ਬੀਤੀ 8 ਮਈ ਨੂੰ ਧਾਮ ਦੇ ਕਿਵਾੜ ਖੁੱਲ੍ਹਣ ਮਗਰੋਂ ਸੋਮਵਾਰ ਸ਼ਾਮ ਤੱਕ ਇੱਥੇ ਕੁੱਲ 17 ਲੱਖ 38 ਹਜ਼ਾਰ 872 ਸ਼ਰਧਾਲੂਆਂ ਨੇ ਦਰਸ਼ਨ ਕੀਤੇ ਹਨ।
ਮੰਦਰ ਕਮੇਟੀ ਦੇ ਮੀਡੀਆ ਮੁਖੀ ਡਾ. ਹਰੀਸ਼ ਗੌੜ ਨੇ ਮੰਗਲਵਾਰ ਸਵੇਰੇ ਦੱਸਿਆ ਕਿ ਬਦਰੀਨਾਥ ਧਾਮ ਕਿਵਾੜ ਖੁੱਲ੍ਹਣ ਦੀ ਤਾਰੀਖ਼ ਤੋਂ 14 ਨਵੰਬਰ ਤੱਕ ਜਿੱਥੇ ਕੁੱਲ 17,38,872 ਸ਼ਰਧਾਲੂਆਂ ਨੇ ਦਰਸ਼ਨ ਕੀਤੇ ਹਨ, ਉੱਥੇ ਹੀ ਕੱਲ ਸੋਮਵਾਰ ਨੂੰ ਰਾਤ ਤੱਕ ਕੁੱਲ 4,311 ਤੀਰਥ ਯਾਤਰੀ ਧਾਮ ਪਹੁੰਚੇ।
ਦੱਸ ਦੇਈਏ ਕਿ ਧਾਮ ਦੇ ਕਿਵਾੜ ਸਰਦ ਰੁੱਤ ਲਈ ਸ਼ਨੀਵਾਰ 19 ਨਵੰਬਰ ਨੂੰ ਬੰਦ ਹੋਣਗੇ। ਡਾ. ਗੌੜ ਮੁਤਾਬਕ ਕੱਲ ਤੋਂ ਬਰਫ਼ਬਾਰੀ ਕਾਰਨ ਇੱਥੇ ਮੌਸਮ ਸਰਦ ਹੋ ਗਿਆ ਹੈ। ਉਨ੍ਹਾਂ ਨੇ ਤੀਰਥ ਯਾਤਰੀਆਂ ਨੂੰ ਮੌਸਮ ਠੰਡਾ ਹੋਣ ਕਾਰਨ ਜ਼ਰੂਰੀ ਗਰਮ ਕੱਪੜੇ ਨਾਲ ਲਿਆਉਣ ਦੀ ਬੇਨਤੀ ਕੀਤੀ ਹੈ।