ਮੁੰਬਈ ''ਚ ਭਾਰੀ ਮੀਂਹ ਦਾ ਕਹਿਰ, ਹੇਠਲੇ ਇਲਾਕਿਆਂ ਹੋਏ ''ਪਾਣੀ-ਪਾਣੀ'' (ਤਸਵੀਰਾਂ)
Sunday, Jul 05, 2020 - 01:58 PM (IST)
ਮੁੰਬਈ (ਭਾਸ਼ਾ)— ਮੁੰਬਈ, ਠਾਣੇ ਅਤੇ ਇਸ ਦੇ ਆਲੇ-ਦੁਆਲ ਦੇ ਖੇਤਰਾਂ ਵਿਚ ਐਤਵਾਰ ਨੂੰ ਲਗਾਤਾਰ ਤੀਜੇ ਦਿਨ ਵੀ ਮੀਂਹ ਦਾ ਕਹਿਰ ਜਾਰੀ ਹੈ। ਭਾਰੀ ਮੀਂਹ ਕਾਰਨ ਹੇਠਲੇ ਇਲਾਕਿਆਂ ਵਿਚ ਪਾਣੀ ਭਰ ਗਿਆ ਹੈ। ਭਾਰਤ ਮੌਸਮ ਵਿਗਿਆਨ ਮਹਿਕਮੇ (ਆਈ. ਐੱਮ. ਡੀ.) ਨੇ ਅਗਲੇ 24 ਘੰਟਿਆਂ ਵਿਚ ਸ਼ਹਿਰ ਦੇ ਕੁਝ ਖੇਤਰਾਂ ਵਿਚ ਭਾਰੀ ਮੀਂਹ ਪੈਣ ਦਾ ਅਨੁਮਾਨ ਜ਼ਾਹਰ ਕੀਤਾ ਹੈ।
ਮੱਧ ਮੁੰਬਈ ਦੇ ਹਿੰਦਮਾਤਾ ਅਤੇ ਪੂਰਬੀ ਮੁੰਬਈ ਦੇ ਚੈਂਬੂਰ ਸਮੇਤ ਸ਼ਹਿਰ ਦੇ ਕੁਝ ਹੇਠਲੇ ਇਲਾਕਿਆਂ ਵਿਚ ਭਾਰੀ ਮੀਂਹ ਪਿਆ। ਭਾਰਤ ਮੌਸਮ ਵਿਗਿਆਨ ਮਹਿਕਮੇ ਦੇ ਅੰਕੜਿਆਂ ਮੁਤਾਬਕ ਮੁੰਬਈ ਦੀ ਕੋਲਾਬਾ ਵੇਧਸ਼ਾਲਾ ਨੇ ਸ਼ਨੀਵਾਰ ਨੂੰ ਸਵੇਰੇ 8.30 ਵਜੇ ਤੋਂ 24 ਘੰਟਿਆਂ ਦੌਰਾਨ 129.6 ਮਿਲੀਮੀਟਰ ਮੀਂਹ ਦਰਜ ਕੀਤਾ, ਜਦਕਿ ਸਾਂਤਾਕਰੂਜ਼ ਮੌਸਮ ਕੇਂਦਰ ਨੇ ਇਸ ਸਮੇਂ ਵਿਚ 200.8 ਮਿਲੀਮੀਟਰ ਮੀਂਹ ਦਰਜ ਕੀਤਾ।
ਗੁਆਂਢੀ ਠਾਣੇ ਜ਼ਿਲੇ ਅਤੇ ਕੋਂਕਣ ਖੇਤਰ 'ਚ ਸਿੰਧੂਦੁਰਗ ਸਮੇਤ ਕੁਝ ਹੋਰ ਇਲਾਕਿਆਂ ਵਿਚ ਵੀ ਭਾਰੀ ਮੀਂਹ ਪਿਆ। ਬੀ. ਐੱਮ. ਸੀ. ਨੇ ਪਹਿਲਾਂ ਦੱਸਿਆ ਸੀ ਕਿ ਸ਼ਨੀਵਾਰ ਨੂੰ ਮੀਂਹ ਕਾਰਨ ਸ਼ਹਿਰ ਦੇ ਕੁਝ ਇਲਾਕਿਆਂ ਵਿਚ ਆਵਾਜਾਈ ਜਾਮ ਅਤੇ ਪਾਣੀ ਭਰ ਜਾਣ ਦੀਆਂ ਖ਼ਬਰਾਂ ਮਿਲੀਆਂ ਹਨ। ਇਸ ਤੋਂ ਇਲਾਵਾ ਦਰੱਖਤ ਜਾਂ ਉਨ੍ਹਾਂ ਦੀਆਂ ਸ਼ਖਾਵਾਂ ਦੇ ਡਿੱਗਣ ਦੀਆਂ 19 ਸ਼ਿਕਾਇਤਾਂ ਆਈਆਂ ਹਨ।