ਤੇਲੰਗਾਨਾ ’ਚ ਮੀਂਹ ਕਾਰਨ 5,000 ਕਰੋੜ ਦਾ ਨੁਕਸਾਨ, 323 ਟਰੇਨਾਂ ਰੱਦ

Tuesday, Sep 03, 2024 - 11:43 PM (IST)

ਤੇਲੰਗਾਨਾ ’ਚ ਮੀਂਹ ਕਾਰਨ 5,000 ਕਰੋੜ ਦਾ ਨੁਕਸਾਨ, 323 ਟਰੇਨਾਂ ਰੱਦ

ਨਵੀਂ ਦਿੱਲੀ, (ਭਾਸ਼ਾ)- ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ’ਚ ਪਿਛਲੇ 4 ਦਿਨਾਂ ਦੌਰਾਨ ਮੀਂਹ ਤੇ ਹੜ੍ਹਾਂ ਕਾਰਨ 35 ਵਿਅਕੀਆਂ ਦੀ ਮੌਤ ਹੋ ਗਈ ਹੈ। ਸੜਕਾਂ ਤੇ ਰੇਲ ਟ੍ਰੈਕ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਹਜ਼ਾਰਾਂ ਏਕੜ ਫਸਲ ਪਾਣੀ ਵਿਚ ਡੁੱਬ ਗਈ ਹੈ । ਲੋਕਾਂ ਨੂੰ ਜ਼ਰੂਰੀ ਸਮਾਨ ਲੈਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਸੜਕੀ ਤੇ ਰੇਲ ਆਵਾਜਾਈ ਲਗਾਤਾਰ ਚੌਥੇ ਦਿਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ। ਕਈ ਸ਼ਹਿਰ ਇਕ ਦੂਜੇ ਤੋਂ ਕੱਟੇ ਹੋਏ ਹਨ।

ਸੜਕਾਂ ਝੀਲਾਂ ’ਚ ਬਦਲ ਗਈਆਂ ਹਨ। 323 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਜਦਕਿ 170 ਨੂੰ ਡਾਇਵਰਟ ਕੀਤਾ ਗਿਆ ਹੈ। ਤੇਲੰਗਾਨਾ ਦੀ ਰੇਵੰਤ ਰੈਡੀ ਸਰਕਾਰ ਨੇ 5,000 ਕਰੋੜ ਰੁਪਏ ਦੇ ਨੁਕਸਾਨ ਦਾ ਅਨੁਮਾਨ ਲਾਇਆ ਹੈ । ਸੂਬਾ ਸਰਕਾਰ ਨੇ ਕੇਂਦਰ ਤੋਂ 2,000 ਕਰੋੜ ਰੁਪਏ ਦੀ ਤੁਰੰਤ ਸਹਾਇਤਾ ਦੀ ਮੰਗ ਕੀਤੀ ਹੈ।

ਸੂਬੇ ਦੇ ਸੂਚਨਾ ਤਕਨਾਲੋਜੀ ਤੇ ਉਦਯੋਗ ਮੰਤਰੀ ਡੀ. ਸ਼੍ਰੀਧਰ ਬਾਬੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨੁਕਸਾਨ ਦੀ ਹੱਦ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ। ਸਰਕਾਰ ਜਲਦੀ ਹੀ ਪੂਰੀ ਜਾਣਕਾਰੀ ਦੇਵੇਗੀ।

ਬੰਗਾਲ ਦੀ ਖਾੜੀ ’ਚ ਦਬਾਅ ਕਾਰਨ ਪੈ ਰਿਹਾ ਹੈ ਭਾਰੀ ਮੀਂਹ

ਤੇਲੰਗਾਨਾ ’ਚ ਮੀਂਹ ਕਾਰਨ ਵਾਪਰੀਆਂ ਵੱਖ-ਵੱਖ ਘਟਨਾਵਾਂ ’ਚ 16 ਵਿਅਕਤੀਆਂ ਦੀ ਜਾਨ ਚਲੀ ਗਈ ਹੈ ਜਦੋਂ ਕਿ ਗੁਆਂਢੀ ਸੂਬੇ ਆਂਧਰਾ ਪ੍ਰਦੇਸ਼ ’ਚ 19 ਵਿਅਕਤੀਆਂ ਦੀ ਮੌਤ ਹੋ ਗਈ ਹੈ।

ਬੰਗਾਲ ਦੀ ਖਾੜੀ ’ਚ ਦਬਾਅ ਕਾਰਨ ਸ਼ਨੀਵਾਰ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਦੋਹਾਂ ਦੱਖਣੀ ਸੂਬਿਆਂ ’ਚ ਆਮ ਿਜ਼ੰਦਗੀ ਪ੍ਰਭਾਵਿਤ ਹੋਈ ਹੈ। ਆਂਧਰਾ ’ਚ 1.80 ਲੱਖ ਏਕੜ ਤੋਂ ਵੱਧ ਰਕਬੇ ’ਚ ਫਸਲਾਂ ਤਬਾਹ ਹੋ ਗਈਆਂ ਹਨ।

ਆਂਧਰਾ ’ਚ ਇਸ ਹੜ੍ਹ ਕਾਰਨ ਕੁੱਲ 2,684 ਕਿ. ਮੀ. ਲੰਬੀਆਂ ਸੜਕਾਂ ਨੁਕਸਾਨੀਆਂ ਗਈਆਂ ਹਨ ਜਦਕਿ 1.80 ਲੱਖ ਏਕੜ ਤੋਂ ਵੱਧ ਖੇਤਰ ’ਚ ਫਸਲਾਂ ਤਬਾਹ ਹੋ ਗਈਆਂ ਹਨ। 20 ਜ਼ਿਲਿਆਂ ਦੇ ਕਿਸਾਨ ਇਸ ਕਾਰਨ ਪ੍ਰਭਾਵਿਤ ਹੋਏ ਹਨ। ਸੂਬੇ ’ਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਗਿਣਤੀ ਵੱਧ ਕੇ 6.4 ਲੱਖ ਹੋ ਗਈ ਹੈ।

ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈਡੀ ਨੇ ਕਿਹਾ ਕਿ ਝੀਲਾਂ ਤੇ ਨਾਲਿਆਂ ਤੋਂ ਕਬਜ਼ੇ ਹਟਾਉਣਾ ਸੂਬਾ ਸਰਕਾਰ ਦੀ ਪਹਿਲ ਹੋਵੇਗੀ, ਕਿਉਂਕਿ ਉਨ੍ਹਾਂ ਨੇ ਬਹੁਤ ਨੁਕਸਾਨ ਕੀਤਾ ਹੈ।


author

Rakesh

Content Editor

Related News