ਚਮੋਲੀ ’ਚ ਮੋਹਲੇਧਾਰ ਮੀਂਹ ਨੇ ਮਚਾਈ ਤਬਾਹੀ, ਕਈ ਘਰਾਂ ’ਚ ਦਾਖ਼ਲ ਹੋਇਆ ਮਲਬਾ
Tuesday, Sep 21, 2021 - 11:57 AM (IST)
ਚਮੋਲੀ— ਉਤਰਾਖੰਡ ਅਤੇ ਉਤਰਾਕਾਸ਼ੀ ਜ਼ਿਲ੍ਹੇ ’ਚ ਮੋਹਲੇਧਾਰ ਮੀਂਹ ਨਾਲ ਤਬਾਹੀ ਤੋਂ ਬਾਅਦ ਮੰਗਲਵਾਰ ਸ਼ਾਮ ਨੂੰ ਚਮੋਲੀ ਜ਼ਿਲ੍ਹੇ ’ਚ ਭਾਰੀ ਮੀਂਹ ਨੇ ਕਹਿਰ ਵਰ੍ਹਾਇਆ। ਘਰਾਂ, ਮਕਾਨਾਂ, ਦੁਕਾਨਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਮੀਂਹ ਕਾਰਨ ਚਾਰੋਂ ਪਾਸੇ ਮਲਬਾ ਖਿਲਰਿਆ ਪਿਆ ਹੋਇਆ ਹੈ। ਬਜ਼ਾਰ ਅਤੇ ਸੜਕਾਂ ਦਲ-ਦਲ ਵਿਚ ਤਬਦੀਲ ਹੋ ਗਈਆਂ ਹਨ। ਜਿਸ ਦੀ ਵਜ੍ਹਾ ਕਰ ਕੇ ਰਾਹਤ ਅਤੇ ਬਚਾਅ ਕੰਮ ਵਿਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ’ਤੇ ਹਨ ਅਤੇ ਰੈਸਕਿਊ ਕੰਮ ਸ਼ੁਰੂ ਕਰ ਲਿਆ ਗਿਆ ਹੈ। ਅਜੇ ਤੱਕ ਕੋਈ ਜਨ ਹਾਨੀ ਦੀ ਸੂਚਨਾ ਨਹੀਂ ਹੈ।
ਮੀਂਹ ਅਤੇ ਚਾਰੋਂ ਪਾਸੇ ਫੈਲੇ ਮਲਬੇ ਅਤੇ ਦਲ-ਦਲ ਦਰਮਿਆਨ ਅਜੇ ਇਹ ਕਹਿਣਾ ਮੁਸ਼ਕਲ ਹੈ ਕਿ ਕਿੰਨਾ ਅਤੇ ਕੀ ਨੁਕਸਾਨ ਹੋਇਆ ਹੈ। ਕਈ ਗੱਡੀਆਂ ਮਲਬੇ ਹੇਠਾਂ ਦੱਬੀਆਂ ਗਈਆਂ ਹਨ। ਮੌਸਮ ਵਿਭਾਗ ਨੇ ਸੂਬੇ ’ਚ 23 ਸਤੰਬਰ ਤਕ ਮੋਹਲੇਧਾਰ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਪਹਾੜੀ ਜ਼ਿਲ੍ਹਿਆਂ ਦੇ ਨਾਲ-ਨਾਲ ਮੈਦਾਨੀ ਇਲਾਕਿਆਂ ਵਿਚ ਮੀਂਹ ਅਤੇ ਗੜੇ ਪੈਣ ਦੀ ਸੰਭਾਵਨਾ ਹੈ। ਉਤਰਾਕਾਸ਼ੀ, ਚਮੋਲੀ, ਰੁਦਰਪ੍ਰਯਾਗ ਵਿਚ ਕਿਤੇ-ਕਿਤੇ ਮੀਂਹ, ਤੇਜ਼ ਆਸਮਾਨੀ ਬਿਜਲੀ ਡਿੱਗਣ ਦੀ ਸੰਭਾਵਨਾ ਹੈ।