ਮਰਕਜ਼ 'ਜਮਾਤ' ਨਾਲ ਜੁੜੇ 400 ਲੋਕ ਕੋਰੋਨਾ ਪਾਜ਼ੀਟਿਵ : ਸਿਹਤ ਮੰਤਰਾਲਾ
Thursday, Apr 02, 2020 - 04:48 PM (IST)
ਨਵੀਂ ਦਿੱਲੀ— ਕੋਰੋਨਾ ਵਾਇਰਸ ਦੇਸ਼ 'ਚ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ। ਇਸ ਮਹਾਮਾਰੀ ਦੀ ਆਫਤ ਨੂੰ ਦੇਖਦਿਆਂ ਸਿਹਤ ਮੰਤਰਾਲਾ ਨੇ ਅੱਜ ਭਾਵ ਵੀਰਵਾਰ ਨੂੰ ਵੀ ਪ੍ਰੈੱਸ ਕਾਨਫਰੰਸ ਕੀਤੀ। ਸਿਹਤ ਮੰਤਰਾਲਾ ਨੇ ਕਿਹਾ ਕਿ ਕੋਰੋਨਾ ਵਿਰੁੱਧ ਮਿਲ ਕੇ ਲੜਾਈ ਲੜਨੀ ਹੋਵੇਗੀ। ਦੇਸ਼ 'ਚ ਕੋਰੋਨਾ ਦੇ ਹੁਣ ਤਕ 1965 ਕੇਸ ਸਾਹਮਣੇ ਆਏ ਹਨ ਅਤੇ 50 ਲੋਕਾਂ ਦੀ ਮੌਤ ਹੋ ਚੁੱਕੀ ਹੈ। 151 ਲੋਕ ਇਲਾਜ ਤੋਂ ਬਾਅਦ ਠੀਕ ਵੀ ਹੋਏ ਹਨ। ਸਿਹਤ ਮੰਤਰਾਲਾ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ 24 ਘੰਟਿਆਂ 'ਚ ਕੋਰੋਨਾ ਦੇ 328 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ। 24 ਘੰਟਿਆਂ ਅੰਦਰ ਕੋਰੋਨਾ ਨਾਲ 12 ਮਰੀਜ਼ਾਂ ਦੀ ਮੌਤ ਹੋਈ ਹੈ।
ਇਸ ਦੇ ਨਾਲ ਹੀ ਲਵ ਅਗਰਵਾਲ ਨੇ ਨਿਜ਼ਾਮੂਦੀਨ ਮਰਕਜ਼ ਇਮਾਰਤ 'ਚ ਤਬਲੀਗੀ ਜਮਾਤ ਦੀ ਗੱਲ ਕੀਤੀ ਹੈ। ਦੇਸ਼ ਭਰ 'ਚ ਤਬਲੀਗੀ ਜਮਾਤ ਨਾਲ ਜੁੜੇ 400 ਲੋਕ ਕੋਰੋਨਾ ਪਾਜ਼ੀਟਿਵ ਹਨ। ਉਨ੍ਹਾਂ ਕਿਹਾ ਕਿ ਮਰਕਜ਼ 'ਚ ਤਬਲੀਗੀ ਜਮਾਤ' ਦੇ 9,000 ਜਮਾਤ ਵਰਕਰਾਂ ਅਤੇ ਉਨ੍ਹਾਂ ਦੇ ਸੰਪਰਕ 'ਚ ਰਹਿਣ ਵਾਲਿਆਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਨੂੰ ਕੁਆਰੰਟਾਈਨ ਕੀਤਾ ਗਿਆ ਹੈ। ਇਨ੍ਹਾਂ 9,000 ਲੋਕਾਂ 'ਚੋਂ 1306 ਵਿਦੇਸ਼ੀ ਹਨ ਅਤੇ ਬਾਕੀ ਭਾਰਤੀ ਹਨ। ਉਨ੍ਹਾਂ ਕਿਹਾ ਕਿ ਸਾਰੇ ਧਰਮ ਦੇ ਲੋਕ ਮਿਲ ਕੇ ਕੋਰੋਨਾ ਨਾਲ ਜੰਗ ਲੜਨ। ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕੀਤਾ ਜਾਵੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੂਬਿਆਂ ਦੇ ਸਾਰੇ ਮੁੱਖ ਮੰਤਰੀਆਂ ਨਾਲ ਕੋਰੋਨਾ ਵਾਇਰਸ ਨੂੰ ਰੋਕਣ ਨੂੰ ਲੈ ਕੇ ਚਰਚਾ ਕੀਤੀ। ਜਿਸ 'ਚ ਉਨ੍ਹਾਂ ਕਿਹਾ ਕਿ ਲਾਕ ਡਾਊਨ ਦਾ ਸੂਬਾ ਸਰਕਾਰਾਂ ਸਖਤੀ ਨਾਲ ਪਾਲਣ ਕਰਾਉਣ। ਇਹ ਲੜਾਈ ਤਾਂ ਅਜੇ ਸ਼ੁਰੂ ਹੋਈ ਹੈ।
ਲਵ ਅਗਰਵਾਲ ਨੇ ਕਿਹਾ ਕਿ ਅਸੀਂ 1.5 ਕਰੋੜ ਤੋਂ ਵਧ ਵਿਅਕਤੀਗਤ ਸੁਰੱਖਿਆ ਉਪਕਰਣ (ਪੀ. ਪੀ. ਈ.) ਲਈ ਆਰਡਰ ਦਿੱਤੇ ਹਨ ਅਤੇ ਸਪਲਾਈ ਸ਼ੁਰੂ ਹੋ ਗਈ ਹੈ। ਪੀ. ਪੀ. ਈ. ਨੂੰ ਸੂਬਿਆਂ ਨੂੰ ਭੇਜਿਆ ਗਿਆ ਹੈ। ਇਸ ਤੋਂ ਇਲਾਵਾ 1 ਕਰੋੜ ਐੱਨ-95 ਤੋਂ ਵਧ ਮਾਸਕ ਲਈ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਦਿੱਲੀ ਦੇ ਹਿੰਦੂ ਰਾਵ ਹਸਪਤਾਲ ਦੇ ਡਾਕਟਰਾਂ ਦੀ ਨਿੱਜੀ ਸੁਰੱਖਿਆ ਉਪਕਰਣਾਂ ਦੀ ਮੰਗ ਨੂੰ ਲੈ ਕੇ ਅਸਤੀਫਾ ਦੇਣ ਦੀਆਂ ਰਿਪੋਰਟਾਂ ਹਨ।