ਫਿਰ ਵਿਗੜੀ ਗਡਕਰੀ ਦੀ ਤਬੀਅਤ, ਚੱਕਰ ਆਉਣ ਤੇ ਰਾਸਟਰਗਾਣ ਦੌਰਾਨ ਬੈਠਣਾ ਪਿਆ
Thursday, Aug 01, 2019 - 06:03 PM (IST)

ਸ਼ੋਲਾਪੁਰ–ਮਹਾਰਾਸ਼ਟਰ ਦੇ ਸ਼ੋਲਾਪੁਰ ਜ਼ਿਲੇ ’ਚ ਇਕ ਜਨਤਕ ਪ੍ਰੋਗਰਾਮ ਦੌਰਾਨ ਕੇਂਦਰੀ ਸੜਕੀ ਆਵਾਜਾਈ ਬਾਰੇ ਮੰਤਰੀ ਨਿਤਿਨ ਗਡਕਰੀ ਨੂੰ ਵੀਰਵਾਰ ਚੱਕਰ ਮਹਿਸੂਸ ਹੋਣ ’ਤੇ ਰਾਸ਼ਟਰਗਾਣ ਦੌਰਾਨ ਹੀ ਕੁਰਸੀ ’ਤੇ ਬੈਠਣਾ ਪਿਆ। ਗਡਕਰੀ ਦੇ ਇਕ ਸਹਾਇਕ ਨੇ ਦੱਸਿਆ ਕਿ ਡਾਕਟਰਾਂ ਨੇ ਚੱਕਰ ਮਹਿਸੂਸ ਹੋਣ ਦਾ ਕਾਰਨ ਗਡਕਰੀ ਵਲੋਂ ਇਕ ਦਿਨ ਪਹਿਲਾਂ ਗਲੇ ਦੀ ਇਨਫੈਕਸ਼ਨ ਨੂੰ ਦੂਰ ਕਰਨ ਲਈ ਗਈ ਦਵਾਈ ਨੂੰ ਦੱਸਿਆ।
ਮਿਲੀ ਜਾਣਕਾਰੀ ਮੁਤਾਬਕ 62 ਸਾਲਾ ਗਡਕਰੀ ਉਕਤ ਪ੍ਰੋਗਰਾਮ ’ਚ ਵਿਸ਼ੇਸ਼ ਮਹਿਮਾਨ ਵਜੋਂ ਆਏ ਹੋਏ ਸਨ। ਪ੍ਰੋਗਰਾਮ ਦੀ ਵੀਡੀਓ ਫੁਟੇਜ ਮੁਤਾਬਕ ਗਡਕਰੀ ਰਾਸ਼ਟਰਗਾਣ ਦੌਰਾਨ ਖੜੇ ਸਨ। ਅਚਾਨਕ ਉਹ ਆਪਣੇ ਖੱਬੇ ਪਾਸੇ ਝੁਕੇ। ਉਨ੍ਹਾਂ ਦੇ ਪਿੱਛੇ ਖੜੇ ਸੁਰੱਖਿਆ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਆਸਰਾ ਦਿੱਤਾ ਅਤੇ ਉਹ ਕੁਰਸੀ ’ਤੇ ਬੈਠ ਗਏ। ਬਾਅਦ ’ਚ ਡਾਕਟਰਾਂ ਨੇ ਉਨ੍ਹਾਂ ਦੀ ਜਾਂਚ ਕੀਤੀ। ਜਾਂਚ ਦੌਰਾਨ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦਾ ਪੱਧਰ ਆਮ ਵਰਗਾ ਸੀ। ਤੇਜ਼ ਐਂਟੀਬਾਇਓਟਿਕ ਦਵਾਈ ਲੈਣ ਕਾਰਨ ਹੀ ਉਨ੍ਹਾਂ ਨੂੰ ਕੁਝ ਬੇਚੈਨੀ ਮਹਿਸੂਸ ਹੋਈ। ਇਹ ਪਹਿਲੀ ਵਾਰ ਨਹੀਂ ਜਦੋਂ ਕਿਸੇ ਜਨਤਕ ਪ੍ਰੋਗਰਾਮ ਦੌਰਾਨ ਬੇਚੈਨ ਹੋਏ ਹੋਣ। ਪਿਛਲੇ ਕੁਝ ਮਹੀਨਿਆਂ ਦੌਰਾਨ ਕਈ ਮੌਕਿਆਂ ’ਤੇ ਉਹ ਜਨਤਕ ਪ੍ਰੋਗਰਾਮਾਂ ਦੌਰਾਨ ਢਿੱਲੇ ਪਏ ਸਨ।